ਮਨੋਜ ਸ਼ਰਮਾ
ਡੂਮਵਾਲੀ (ਬਠਿੰਡਾ), 17 ਜੁਲਾਈ
ਪੰਜਾਬ ਵਿਚ ਕਰੋਨਾ ਦਾ ਫੈਲਾਅ ਰੋਕਣ ਲਈ ਗੁਆਂਢੀ ਸੂਬਿਆਂ ਨਾਲ ਲੱਗਣ ਵਾਲੀਆਂ ਹੱਦਾਂ ’ਤੇ ਪੁਲੀਸ ਦੇ ਨਾਲ ਅਧਿਆਪਕਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਪੰਜਾਬ ਦੇ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੇ ਰੋੜੀ ਬਾਰਡਰ, ਕਿੱਲਿਆਂਲੀ ਬਾਰਡਰ, ਡੂਮਵਾਲੀ ਬਾਰਡਰ, ਰਾਜਸਥਾਨ ਦੇ ਕੰਦੂਖੇੜਾ ਦੀਆਂ ਹੱਦਾਂ ’ਤੇ ਪੰਜਾਬ ਪੁਲੀਸ ਦੇ ਨਾਲ ਅਧਿਆਪਕਾਂ ਦੀਆਂ ਟੀਮਾਂ ਵੀ ਕੋਵਿਡ-19 ਦੇ ਫੈਲਾਅ ਰੋਕਣ ਲਈ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ।
ਪੰਜਾਬੀ ਟ੍ਰਿਬਿਊਨ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਹਰਿਆਣਾ ਦੇ ਡੱਬਵਾਲੀ ਮੰਡੀ ਨਾਲ ਲਗਦੇ ਕਿੱਲਿਆਂਵਾਲੀ ਬਾਰਡਰ ’ਤੇ 15 ਅਧਿਆਪਕ ਤਾਇਨਾਤ ਕੀਤੇ ਗਏ ਹਨ। ਜਦੋਂ ਕਿ ਰੋੜੀ ਅਤੇ ਡੂਮਵਾਲੀ ਬੈਰੀਅਰ ’ਤੇ 12-12 ਅਧਿਆਪਕ ਤਾਇਨਾਤ ਕੀਤੇ ਗਏ ਹਨ ਜੋ ਪੰਜਾਬ ਕੋਵਾ ਐਪ ਤੇ ਵਾਹਨਾਂ ਦੀ ਡਾਟਾ ਐਂਟਰੀ ਕਰ ਰਹੇ ਹਨ। ਅੰਤਰਰਾਜੀ ਬੈਰੀਅਰ ਤੋਂ ਪੰਜਾਬੀ ਟ੍ਰਿਬਿਊਨ ਨਾਲ ਗੱਲ ਕਰਦਿਆਂ ਕੰਪਿਊਟਰ ਅਧਿਆਪਕ ਜੋਨੀ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਤੋਂ ਡਬਲ ਡਿਊਟੀ ਲਈ ਜਾ ਰਹੀ ਹੈ ਜਿੱਥੇ ਉਹ ਵਿਦਿਆਰਥੀਆਂ ਨੂੰ ਆਨ ਲਾਈਨ ਪੜ੍ਹਾਈ ਕਰਵਾ ਰਹੇ ਹਨ ਉੱਥੇ ਉਨ੍ਹਾਂ ਨੂੰ ਹੱਦ ਟੱਪਣ ਵਾਲੇ ਵਾਹਨਾਂ ਦੀ ਸਕਰੀਨਿੰਗ ਵੀ ਕਰਨੀ ਪੈ ਰਹੀ ਹੈ। ਉਨ੍ਹਾਂ ਗਿਲਾ ਜ਼ਾਹਿਰ ਕਰਦਿਆਂ ਕਿਹਾ ਉੱਥੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਬਿਨਾਂ ਮੈਡੀਕਲ ਬੀਮਾ ਅਤੇ ਲਾਈਫ਼ ਸਕਿਊਰਿਟੀ ਤੋਂ ਕੰਮ ਲੈ ਰਹੀ ਹੈ। ਅਧਿਆਪਕਾਂ ਨੇ ਦੱਸਿਆ ਕਿ ਦੋ ਅਧਿਆਪਕ ਨਾਕਾਬੰਦੀ ਮੌਕੇ ਆਨ ਰੋਡ ਕਾਰਗੋ ਵੱਡੇ ਵਹੀਕਲਾਂ ਦੀ ਲਿਸਟ ਤਿਆਰ ਕਰ ਰਹੇ ਜਦੋਂ ਕਿ ਕੁੱਝ ਅਧਿਆਪਕ ਸੂਬੇ ਅੰਦਰ ਕਾਰਾਂ, ਜੀਪਾਂ ਰਾਹੀਂ ਦਾਖਲ ਹੋਣ ਵਾਲੇ ਲੋਕਾਂ ਨੂੰ ਈ-ਪਾਸ ਮੁਹੱਈਆ ਕਰਵਾਉਣ ਦੇ ਨਾਲ ਕੋਵਾ ਐਪ ’ਤੇ ਇੰਟਰੀ ਕਰ ਰਹੇ ਹਨ। ਉੱਧਰ ਡੈਮੋਕ੍ਰੇਟਿਕ ਟੀਚਰ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਖੇਮੂਆਣਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਧਿਆਪਕਾਂ ਤੋਂ ਡਿਊਟੀ ਲੈ ਕੇ ਵਿਦਿਆਰਥੀ ਵਰਗ ਦਾ ਨੁਕਸਾਨ ਕਰ ਰਹੀ ਹੈ ਜਦੋਂ ਇਹ ਕੰਮ ਪੁਲੀਸ ਤੋਂ ਕਰਵਾਇਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਅਧਿਆਪਕ ਤਿੰਨ ਸ਼ਿਫ਼ਟਾਂ ਵਿਚ ਕੰਮ ਕਰ ਰਹੇ ਹਨ ਅਤੇ ਜਦੋਂ ਕਿ ਸ਼ਾਮ ਵਾਲੀ ਸ਼ਿਫ਼ਟ ਰਾਤ 10 ਵਜੇ ਖ਼ਤਮ ਹੋਣ ਕਾਰਨ ਅਧਿਆਪਕਾਂ ਨੂੰ ਦੇਰ ਰਾਤ ਪੁੱਜਣ ਕਾਰਨ ਖੱਜਲਖ਼ੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਬੀ ਨਿਵਾਸਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾਕਾਬੰਦੀ ’ਤੇ ਕੰਮ ਕਰੇ ਰਹੇ ਅਧਿਆਪਕਾਂ ਤੋਂ ਦੂਹਰਾ ਕੰਮ ਨਹੀਂ ਲਿਆ ਰਿਹਾ ਅਤੇ ਉਨ੍ਹਾਂ ਨੂੰ ਪੜ੍ਹਾਈ ਕਰਵਾਉਣ ਤੋਂ ਛੋਟ ਦਿੱਤੀ ਗਈ ਹੈ।
ਵਿਸ਼ੇਸ਼ ਕੋਵਿਡ ਦਸਤੇ ਹੋਣਗੇ ਤਾਇਨਾਤ
ਦੇਸ਼ ਅੰਦਰ ਕਰੋਨਾ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਬੀਤੇ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਪੁਲੀਸ ਦੇ ਕੋਵਿਡ ਦਸਤੇ ਬਣਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਪੰਜਾਬ ਦੀ ਸਰਹੱਦ ਖੇਤਰ ਵਿਚ ਦਾਖਲ ਹੋਣ ਵਾਲ਼ਿਆਂ ਤੋਂ ਕੋਵਿਡ ਦਾ ਫੈਲਾਅ ਰੋਕਿਆ ਜਾ ਸਕੇ। ਇਸ ਲਈ ਬਕਾਇਦਾ ਡੀਜੀਪੀ ਪੰਜਾਬ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਪਤਾ ਲੱਗਾ ਹੈ ਕਿ ਗੈਰ ਜ਼ਰੂਰੀ ਥਾਵਾਂ ’ਤੇ ਡਿਊਟੀ ਕਰ ਰਹੇ ਪੁਲੀਸ ਮੁਲਾਜ਼ਮਾਂ ਨੂੰ ਵਾਪਸ ਸੱਦਿਆ ਗਿਆ ਹੈ।