ਹਰਦੀਪ ਸਿੰਘ ਜਟਾਣਾ
ਮਾਨਸਾ, 16 ਜੂਨ
ਕਰੋਨਾ ਨੇ ਪੇਂਡੂ ਸੱਥਾਂ ਨੂੰ ਬੇਰੌਣਕ ਕਰਕੇ ਰੱਖ ਦਿੱਤਾ ਹੈ। ਸੋਸ਼ਲ ਡਿਸਟੈਂਸ ਦੇ ਨਿਯਮਾਂ ਨੇ ਜਿੱਥੇ ਸਮਾਜਿਕ ਦੂਰੀਆਂ ਵਧਾ ਦਿੱਤੀਆਂ ਹਨ ਊੱਥੇ ਪਿੰਡਾਂ ਦੀ ਪਾਰਲੀਮੈਂਟ ਕਰਕੇ ਜਾਣੀਆਂ ਜਾਂਦੀਆਂ ਸੱਥਾਂ ਦੀ ਬੇਰੌਣਕੀ ਦਾ ਸਾਰਾ ਦੋਸ਼ ਇਸੇ ਸਿਰ ਲੱਗ ਰਿਹਾ ਹੈ। ਕਰੋਨਾ ਰੋਕਥਾਮ ਲਈ ਜ਼ਰੂਰੀ ਮਾਸਕਾਂ ਨੇ ਬਜੁ਼ਰਗਾਂ ਦੀ ਆਪਸੀ ਗੱਲਬਾਤ ਦੀ ਤੰਦ ਹੀ ਤੋੜ ਦਿੱਤੀ ਹੈ। ਜਿਹੜੀਆਂ ਸੱਥਾਂ ’ਚ ਜੇਠ ਹਾੜ ਦੇ ਦੁਪਹਿਰਿਆਂ ’ਚ ਤਾਸ਼ ਖੇਡੀ ਜਾਂਦੀ ਸੀ ਅਤੇ ਰੌਣਕਾਂ ਲੱਗਦੀਆਂ ਸਨ ਹੁਣ ਉਨ੍ਹਾਂ ਸੱਥਾਂ ਦੇ ਦਰੱਖ਼ਤਾਂ ਹੇਠ ਅਵਾਰਾ ਪਸ਼ੂ ਫਿਰਦੇ ਹਨ। ਟੋਭਿਆਂ ਕਿਨਾਰੇ ਮੱਝਾਂ ਨਹਾਉਣ ਆੳਂਦੇ ਬਜ਼ੁਰਗ ਵੀ ਕਰੋਨਾ ਦੇ ਡਰ ਕਾਰਨ ਘਰਾਂ ’ਚ ਤੱਕ ਹੀ ਸੀਮਿਤ ਹਨ। ਪਿੰਡ ਰਾਮਨੰਦੀ ਦੇ ਨਾਜ਼ਰ ਸਿੰਘ ਤੇ ਬਘੇਰਾ ਸਿੰਘ ਨੇ ਦੱਸਿਆ ਸੱਥ ’ਚ ਸਾਡਾ ਸਾਰਾ ਦਿਨ ਤੀਆਂ ਵਾਂਗ ਲੰਘਦਾ ਸੀ ਪਰ ਜਦੋਂ ਤੋਂ ਲੌਕਡਾਉੂਨ ਲੱਗਿਆ ਹੈ, ਸੱਥਾਂ ਸੁੰਨੀਆਂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਹੁਣ ਤਾਂ ਸਾਡੇ ਧੀਆਂ ਪੁੱਤ ਹੀ ਸੱਥਾਂ ’ਚ ਆਉਣ ਤੋਂ ਰੋਕ ਦਿੰਦੇ ਹਨ, ਅਖੇ ਬਾਪੂ ਐਵੇਂ ਸੱਥ ’ਚ ਨਾ ਜਾਇਆ ਕਰ ਕੋਈ ਰੋਗ ਖੱਟ ਲਿਆਂਵੇਗਾ। ਭੰਮੇ ਕਲਾਂ ਪਿੰਡ ਦੇ ਨੰਬਰਦਾਰ ਗਮਦੂਰ ਸਿੰਘ ਨੇ ਦੱਸਿਆ ਅਸਲ ’ਚ ਸੱਥਾਂ ਮਨ ਹੌਲੇ ਕਰਨ ਦੇ ਹਸਪਤਾਲ ਹਨ। ਜਦੋਂ ਤੋਂ ਸੱਥਾਂ ’ਚ ਬੈਠਣ ’ਤੇ ਪਾਬੰਦੀ ਲੱਗੀ ਹੈ ਉਦੋਂ ਤੋਂ ਬਜ਼ੁਰਗ ਬਿਮਾਰ ਹੋਣ ਲੱਗ ਪਏ ਹਨ। ਮਲਕਪੁਰ ਦੇ ਬਜ਼ੁਰਗ ਮਿੱਠੂ ਸਿੰਘ ਨੇ ਕਿਹਾ ਕਿ ਅਸੀਂ ਸੱਥ ਵਿੱਚ ਬੈਠ ਕੇ ਇਧਰ-ਉਧਰ ਦੀਆਂ ਗੱਲਾਂ ਕਰਕੇ ਮਨਾਂ ਦਾ ਭਾਰ ਹੌਲਾ ਕਰ ਲੈਂਦੇ ਸਾਂ ਪਰ ਹੁਣ ਘਰਾਂ ਦੀ ਕੈਦ ਨੇ ਘਰਾਂ ਦੇ ਰੌਲੇ ਗੌਲੇ ਤੱਕ ਹੀ ਉਲਝਾ ਕੇ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੱਥਾਂ ’ਚ ਲੇਟ ਕੇ ਦੁਪਹਿਰ ਵਕਤ ਦੋ ਘੜੀ ਨੀਂਦ ਦਾ ਝੂਟਾ ਵੀ ਲੈ ਲੈਂਦੇ ਸਾਂ ਪਰ ਹੁਣ ਸਕੂਲ ਬੰਦ ਹੋਣ ਕਾਰਨ ਘਰਾਂ ’ਚ ਖੇਡਦੇ ਬੱਚਿਆਂ ਦਾ ਚੀਕ ਚਿਹਾੜਾ ਦੋ ਪਲ ਵੀ ਚੈਨ ਨਹੀਂ ਲੈਣ ਦਿੰਦਾ।
ਕੀ ਕਹਿੰਦੇ ਨੇ ਮਨੋਰੋਗ ਮਾਹਿਰ
ਇਸ ਸਬੰਧੀ ਜਦੋਂ ਮਨੋਰੋਗਾਂ ਦੇ ਮਾਹਰ ਡਾਕਟਰ ਹਰਪਾਲ ਸਿੰਘ ਸਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਆਪਸੀ ਗੱਲਬਾਤ ਰੁਕਣ ਕਰਕੇ ਮਾਨਸਿਕ ਰੋਗਾਂ ਦੇ ਪੀੜਤਾਂ ਦੀ ਗਿਣਤੀ ਵਧੀ ਹੈ। ਲੌਕਡਾਉੂਨ ਦੌਰਾਨ ਘਰਾਂ ਤੱਕ ਸੀਮਤ ਹੋਏ ਬਜ਼ੁਰਗ ਘਬਰਾਹਟ ਅਤੇ ਬੇਚੈਨੀ ਦੀ ਸ਼ਿਕਾਇਤ ਕਰਦੇ ਹਨ।