ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 17 ਜੂਨ
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਇਕਾਂਤਵਾਸ ਵਾਰਡ ਵਿੱਚੋਂ 13 ਹੋਰ ਮਰੀਜ਼ ਕਰੋਨਾ ਵਾਇਰਸ ਤੋਂ ਮੁਕਤ ਹੋ ਕੇ ਘਰਾਂ ਨੂੰ ਪਰਤ ਗਏ ਹਨ। ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਅਤੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਕਰੋਨਾ ਦੇ ਸਿਰਫ਼ ਦੋ ਕੇਸ ਸਰਗਰਮ ਹਨ। ਇਨ੍ਹਾਂ ਵਿੱਚੋਂ ਇੱਕ ਮਰੀਜ਼ ਮੈਡੀਕਲ ਕਾਲਜ ਵਿੱਚ ਅਤੇ ਦੂਜਾ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਦੋਵਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਕੋਟਕਪੂਰਾ, ਜੈਤੋ, ਬਾਜਾਖਾਨਾ, ਸਾਦਿਕ ਅਤੇ ਫਰੀਦਕੋਟ ਵਿੱਚ ਸਥਾਪਤ ਫਲੂ ਕਾਰਨਰ ਵਿੱਚ ਸੈਂਪਲ ਇਕੱਤਰ ਕਰਕੇ ਲੈਬ ਨੂੰ ਜਾਂਚ ਲਈ ਭੇਜੇ ਜਾ ਰਹੇ ਹਨ।
ਵਾਲੰਟੀਅਰਾਂ ਦਾ ਸਨਮਾਨ
ਸਮਾਲਸਰ (ਪੱਤਰ ਪ੍ਰੇਰਕ): ਕਰੋਨਾ ਖ਼ਿਲਾਫ਼ ਲੋਕਾਂ ਨੂੰ ਜਾਗਰੁਕ ਕਰਨ, ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ, ਘਰਾਂ ਵਿਚ ਬਿਮਾਰਾਂ ਨੂੰ ਦਵਾਈਆਂ ਵੰਡਣ ਅਤੇ ਹੋਰ ਸੇਵਾਵਾਂ ਦੇਣ ਵਾਲੇ ਕਲੱਬਾਂ, ਸੰਸਥਾਵਾਂ ਨੂੰ ਬਾਘਾਪੁਰਾਣਾ ਵਿਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਸਮਾਲਸਰ ਸਮਾਜ ਸੇਵਾ ਸੰਮਤੀ ਦੇ ਬੁਲਾਰੇ ਡਾ. ਬਲਰਾਜ ਸਿੰਘ ਰਾਜੂ, ਐੱਸਡੀਐੱਮ ਸਵਰਨਜੀਤ ਕੌਰ ਬਾਘਾ ਪੁਰਾਣਾ, ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ, ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਅਤੇ ਕਾਨੂੰਗੋ ਗੁਰਚਰਨ ਸਿੰਘ ਸ਼ਾਮਲ ਸਨ।