ਨਿੱਜੀ ਪੱਤਰ ਪ੍ਰੇਰਕ
ਮੋਗਾ, 3 ਫ਼ਰਵਰੀ
ਪੰਜਾਬ ਵਾਤਾਵਰਨ ਚੇਤਨਾ ਲਹਿਰ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਗ੍ਰੀਨ ਮੈਨੀਫੈਸਟੋ ਦੀਆਂ ਕਾਪੀਆਂ ਸੌਂਪੀਆਂ ਜਾ ਰਹੀਆਂ ਹਨ ਅਤੇ ਹਵਾ, ਪਾਣੀ ਅਤੇ ਧਰਤੀ ਪ੍ਰਦੂਸ਼ਣ ਦੇ ਮੁੱਦੇ ਨੂੰ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਥੇ ਲਹਿਰ ਦੇ ਸੂਬਾ ਪੱਧਰੀ ਆਗੂ ਮਹਿੰਦਰ ਪਾਲ ਲੂੰਬਾ ਵੱਲੋਂ ‘ਆਪ’ ਉਮੀਦਵਾਰ ਡਾ. ਅਮਨਦੀਪ ਕੌਰ ਅਰੋੜਾ, ਸੀਪੀਆਈ. ਐੱਮਐੱਲ. ਲਬਿਰੇਸ਼ਨ ਦੇ ਉਮੀਦਵਾਰ ਕਾਮਰੇਡ ਬਲਕਰਨ ਸਿੰਘ ਅਤੇ ਸਰਵ ਭਾਰਤ ਨੌਜਵਾਨ ਸਭਾ ਪੰਜਾਬ ਦੇ ਆਗੂ ਸੁਖਜਿੰਦਰ ਸਿੰਘ ਮਹੇਸਰੀ ਨੂੰ ਗ੍ਰੀਨ ਮੈਨੀਫੈਸਟੋ ਦੀਆਂ ਕਾਪੀਆਂ ਸੌਂਪੀਆਂ ਗਈਆਂ। ਉਨ੍ਹਾਂ ਤੋਂ ਇਹ ਮੰਗ ਕੀਤੀ ਕਿ ਅੱਜ ਵਾਤਾਵਰਨ ਪੰਜਾਬ ਦਾ ਸਭ ਤੋਂ ਵੱਡਾ ਚੋਣ ਮੁੱਦਾ ਹੋਣਾ ਚਾਹੀਦਾ ਹੈ ਕਿਉਂਕਿ ਜੇ ਧਰਤੀ ’ਤੇ ਜੀਵਨ ਦੀ ਹੋਂਦ ਬਣੀ ਰਹੇਗੀ ਤਾਂ ਹੀ ਪਾਰਟੀਆਂ ਵੱਲੋਂ ਘੋਸ਼ਿਤ ਕੀਤੀਆਂ ਜਾ ਰਹੀਆਂ ਸੁਵਿਧਾਵਾਂ ਲਾਗੂ ਹੋਣਗੀਆਂ। ਉਨ੍ਹਾਂ ਪਾਰਟੀ ਉਮੀਦਵਾਰਾਂ ਨੂੰ ਇਹ ਅਪੀਲ ਕੀਤੀ ਕਿ ਉਹ ਆਪੋ ਆਪਣੀ ਪਾਰਟੀ ਤੱਕ ਇਹ ਮੈਨੀਫੈਸਟੋ ਪਹੁੰਚਦਾ ਕਰਨ ਅਤੇ 20 ਫਰਵਰੀ ਤੋਂ ਪਹਿਲਾਂ ਸਭ ਰਾਜਨੀਤਕ ਪਾਰਟੀਆਂ ਇਹ ਸਪੱਸ਼ਟ ਕਰਨ ਉਹ ਇਸ ਮੈਨੀਫੈਸਟੋ ਨੂੰ ਕਿਸ ਤਰ੍ਹਾਂ ਲਾਗੂ ਕਰਨਗੀਆਂ। ਇਸ ਮੌਕੇ ‘ਆਪ’ ਉਮੀਦਵਾਰ ਡਾ. ਅਮਨਦੀਪ ਕੌਰ ਅਰੋੜਾ, ਕਾਮਰੇਡ ਬਲਕਰਨ ਸਿੰਘ ਅਤੇ ਸੁਖਜਿੰਦਰ ਮਹੇਸਰੀ ਨੇ ਮਹਿੰਦਰ ਪਾਲ ਲੂੰਬਾ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਵਾਤਾਵਰਨ ਦਾ ਮੁੱਦਾ ਸਾਡੀਆਂ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਵਿੱਚ ਜ਼ਰੂਰ ਸ਼ਾਮਲ ਹੋਵੇਗਾ ਇਸ ਮੌਕੇ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਅਗਲੇ ਪੰਜ ਦਿਨਾਂ ਵਿੱਚ ਮੋਗਾ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਮਿਲ ਕੇ ਗ੍ਰੀਨ ਮੈਨੀਫੈਸਟੋ ਦੀਆਂ ਕਾਪੀਆਂ ਸੌਂਪੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਨਾਲ ਸਮਾਜ ਸੇਵੀ ਰਿੰਪੀ ਗਰੇਵਾਲ ਹਾਜ਼ਰ ਸਨ।