ਪੱਤਰ ਪ੍ਰੇਰਕ
ਭਗਤਾ ਭਾਈ, 1 ਅਕਤੂਬਰ
ਇਥੇ ਸਾਂਝੇ ਫੌਰਮ ਦੇ ਸੱਦੇ ’ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ-ਡਿਵੀਜ਼ਨ ਭਗਤਾ ਭਾਈ ਦੇ ਟੈਕਨੀਕਲ ਅਤੇ ਦਫਤਰੀ ਕਾਮਿਆਂ ਵੱਲੋਂ ਡਿਵੀਜ਼ਨ ਦਫ਼ਤਰ ਭਗਤਾ ਭਾਈ ਵਿੱਚ ਬਿਜਲੀ ਐਕਟ ਬਿੱਲ 2022 ਦੀਆਂ ਕਾਪੀਆਂ ਸਾੜ ਕੇ ਰੋਸ ਰੈਲੀ ਕੀਤੀ ਗਈ। ਇਕੱਤਰ ਬਿਜਲੀ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਰੋਸ ਰੈਲੀ ਨੂੰ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਕੱਤਰ ਅਮਨਦੀਪ ਸਿੰਘ, ਜਨਰਲ ਸਕੱਤਰ ਜਸਵੀਰ ਸਿੰਘ, ਡਵੀਜ਼ਨ ਜਨਰਲ ਸਕੱਤਰ ਕਮਲਦੀਪ ਸਿੰਘ, ਅਮਨਦੀਪ ਸਿੰਘ ਭਾਈਰੂਪਾ, ਗੁਰਮੇਲ ਸਿੰਘ ਤੇ ਸਰਕਲ ਸਹਾਇਕ ਸਕੱਤਰ ਬਲਜੀਤ ਸਿੰਘ ਨੇ ਸੰਬੋਧਨ ਕਰਦਿਆਂ ਬਿਜਲੀ ਐਕਟ 2022 ਤਰੁੰਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬਿਜਲੀ ਐਕਟ 2022 ਲਾਗੂ ਹੋਣ ਨਾਲ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਇਹ ਬਿੱਲ ਹਰੇਕ ਵਰਗ ਲਈ ਘਾਤਕ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਬਿਜਲੀ ਐਕਟ 2022 ਰੱਦ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਬਿੱਲ ਰੱਦ ਨਾ ਹੋਣ ਦੀ ਸੂਰਤ ’ਚ ਬਿਜਲੀ ਮੁਲਾਜ਼ਮ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਟੀਐੱਸਯੂ ਵੱਲੋਂ ਮੁਜ਼ਾਹਰਾ
ਸ਼ਹਿਣਾ (ਪੱਤਰ ਪ੍ਰੇਰਕ): ਇਥੇ ਪੀਐੱਸਈਬੀ ਐਂਪਲਾਈਜ਼ ਫੋਰਮ ਦੇ ਸੱਦੇ ’ਤੇ ਟੀਐੱਸਯੂ ਵੱਲੋਂ ਅਮਰਜੀਤ ਸਿੰਘ ਭੁੱਲਰ ਦੀ ਅਗਵਾਈ ’ਚ ਸਬ-ਡਿਵੀਜ਼ਨ ਦਫ਼ਤਰ ਸ਼ਹਿਣਾ ਅੱਗੇ ਬਿਜਲੀ ਸੋਧ ਬਿੱਲ 2022 ਖ਼ਿਲਾਫ਼ੀ ਨਾਅਰੇਬਾਜ਼ੀ ਕੀਤੀ ਗਈ ਅਤੇ ਜਾਰੀ ਕੀਤੇ ਗਏ ਨੋਟੀਫੀਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਟੀਐੱਸਯੂ ਸ਼ਹਿਣਾ ਦੇ ਸਕੱਤਰ ਮਨਜੀਤ ਸਿੰਘ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਜੋਧਪੁਰ, ਸੁਖਪਾਲ ਸਿੰਘ ਜੇਈ, ਅੰਤਪਾਲ ਸਿੰਘ ਜੇਈ, ਜਗਜੀਤ ਸਿੰਘ, ਪ੍ਰਿਤਪਾਲ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਾਜ਼ਰ ਸਨ।