ਖੇਤਰੀ ਪ੍ਰਤੀਨਿਧ
ਬਰਨਾਲਾ, 20 ਜੂਨ
ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸਰਕਲ ਪ੍ਰਧਾਨ ਪਿਆਰਾ ਲਾਲ ਦੀ ਅਗਵਾਈ ਹੇਠ ਕਨਵੈਨਸ਼ਨ ਕਰਵਾਈ ਗਈ। ਕਨਵੈਨਸ਼ਨ ਦੌਰਾਨ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਅਵਿਨਾਸ ਚੰਦਰ ਸ਼ਰਮਾ, ਨਰਾਇਣ ਦੱਤ, ਮੇਲਾ ਸਿੰਘ ਕੱਟੂ, ਸਿੰਦਰ ਧੌਲਾ, ਪਿਆਰਾ ਲਾਲ, ਰਣਜੀਤ ਸਿੰਘ ਜੋਧਪੁਰ ਤੇ ਸੁਖਜੰਟ ਸਿੰਘ ਆਦਿ ਬੁਲਾਰਿਆਂ ਕਿਹਾ ਕਿ ਪਾਵਰਕੌਮ ਦੀ ਮਨੇਜਮੈਂਟ ਵੱਲੋਂ ਪੈਨਸ਼ਨਰਜ਼ ਵਿਰੋਧੀ ਰਵੱਈਆ ਅਪਣਾਇਆ ਜਾ ਰਿਹਾ ਹੈ ਤੇ ਲਟਕਦੀਆਂ ਮੰਗਾਂ ਦੀ ਪੂਰਤੀ ਤਾਂ ਦੂਰ ਇਸ ਸਬੰਧੀ ਚਰਚਾ ਹਿੱਤ ਮੀਟਿੰਗ ਤੋਂ ਵੀ ਟਾਲਮਟੋਲ ਕੀਤੀ ਜਾ ਰਹੀ ਹੈ। ਪਿਛਲੇ ਸਮੇਂ ਵਿੱਚ ਜਥੇਬੰਦੀ ਨਾਲ ਕੀਤੀਆਂ ਗਈਆਂ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਸੋ ਬਜ਼ੁਰਗ ਪੈਨਸ਼ਨਰਜ਼ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹਨ। ਜਿਸ ਦੇ ਤਹਿਤ 5 ਤੋਂ 12 ਜੁਲਾਈ ਤੱਕ ਮੰਡਲ ਪੱਧਰੀ ਧਰਨੇ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਗਿਆ। ਕਨਵੈਨਸ਼ਨ ਨੇ ਮਤੇ ਪਾਸ ਕਰ ਕੇ ਕੇਂਦਰੀ ਮੋਦੀ ਹਕੂਮਤ ਦੀ ਘੱਟ ਗਿਣਤੀ ਮੁਸਲਿਮ ਤਬਕੇ ਖ਼ਿਲਾਫ਼ ਚਲਾਈ ਜਾ ਰਹੀ ਬੁਲਡੋਜ਼ਰ ਮੁਹਿੰਮ, ਨੌਜਵਾਨਾਂ ਨਾਲ ਧੋਖੇ ਭਰੀ ਖੇਡ ਅਗਨੀਪਥ ਸਕੀਮ ਦੀ ਨਿਖੇਧੀ ਕੀਤੀ ਗਈ। ਫੌਜ ਸਮੇਤ ਸਰਕਾਰੀ ਅਦਾਰਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਰੈਗੂਲਰ ਅਧਾਰ ’ਤੇ ਭਰਨ ਦੀ ਮੰਗ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹੱਥਾਂ ਵਿੱਚ ਸੌਂਪਣ ਦੀ ਵੀ ਨਿਖੇਧੀ ਕੀਤੀ।