ਸ਼ੰਗਾਰਾ ਸਿੰਘ ਅਕਲੀਆ
ਜੋਗਾ, 27 ਫਰਵਰੀ
ਡੇਰਾ ਬਾਬਾ ਮਸਤ ਰਾਮ ਰੱਲਾ ਦੀ ਮਹੰਤੀ ਸਬੰਧੀ ਪਿਛਲੇ ਕੁਝ ਮਹੀਨਿਆਂ ਤੋਂ ਡੇਰੇ ਦੇ ਮੁੱਖ ਮਹੰਤ ਗੋਪਾਲ ਦਾਸ ਅਤੇ ਚੇਲੇ ਬਾਬਾ ਸੁਰਮੁੱਖ ਦਾਸ ਰੱਲਾ ਵਿਚਾਲੇ ਚੱਲੀ ਆ ਰਹੀ ਜੰਗ ਅੱਜ ਉਸ ਸਮੇਂ ਤੇਜ਼ ਹੋ ਗਈ, ਜਦੋਂ ਪੁਲੀਸ ਉੱਪ-ਕਪਤਾਨ ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਬਾਬਾ ਸੁਰਮੁੱਖ ਦਾਸ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੀ। ਇਸ ਦੀ ਭਿਣਕ ਪੈਂਦਿਆਂ ਸਾਰ ਡੇਰਾ ਮਸਤ ਰਾਮ ਰੱਲਾ ਬਚਾਓ ਕਮੇਟੀ ਦੀ ਅਗਵਾਈ ਹੇਠ ਪਿੰਡ ਰੱਲਾ ਵਾਸੀਆਂ ਵੱਲੋਂ ਡੇਰੇ ਦੇ ਮੁੱਖ ਦਰਵਾਜ਼ੇ ਮੂਹਰੇ ਅਣਮਿਥੇਂ ਸਮੇਂ ਲਈ ਧਰਨਾ ਲਗਾ ਦਿੱਤਾ। ਲੋਕ ਰੋਹ ਅੱਗੇ ਝੁਕਦਿਆਂ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਬਾਬਾ ਸੁਰਮੁੱਖ ਦਾਸ ਰੱਲਾ ਨੂੰ ਤਾਂ ਛੱਡ ਦਿੱਤਾ ਗਿਆ ਪਰ ਉਨ੍ਹਾਂ ਦੀ ਨਿੱਜੀ ਬਲੈਰੋ ਗੱਡੀ ਨੂੰ ਥਾਣਾ ਜੋਗਾ ’ਚ ਲੈ ਗਏ। ਡੇਰਾ ਮਸਤ ਰਾਮ ਰੱਲਾ ਬਚਾਓ ਕਮੇਟੀ ਦੇ ਪ੍ਰਧਾਨ ਰੁਪਿੰਦਰ ਸਿੰਘ ਲਾਲੀ ਰੱਲਾ ਅਤੇ ਬੂਟਾ ਸਿੰਘ ਰੱਲ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਪ੍ਰਸ਼ਾਸਨ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲੀਸ ਮਹੰਤ ਗੋਪਾਲ ਦਾਸ ਨਾਲ ਮਿਲ ਕੇ ਬਾਬਾ ਸੁਰਮੁੱਖ ਦਾਸ ਨਾਲ ਧੱਕਾ ਕਰ ਰਹੀ ਹੈ। ਇਸ ਮੌਕੇ ਭਾਰੀ ਪੁਲੀਸ ਫੋਰਸ ਡੇਰੇ ਅੰਦਰ ਅਤੇ ਬਾਹਰ ਤਾਇਨਾਤ ਕਰ ਦਿੱਤੀ ਗਈ। ਥਾਣਾ ਮੁਖੀ ਅਮਰੀਕ ਸਿਘ ਨੇ ਦੱਸਿਆ ਕਿ ਨਛੱਤਰ ਸਿੰਘ ਉਰਫ ਸੁਰਮੁੱਖ ਦਾਸ, ਅਮਨਦੀਪ ਸਿੰਘ, ਸੇਵਕ ਸਿੰਘ, ਗੁਰਮੀਤ ਸਿੰਘ, ਦਰਸ਼ਨ ਸਿੰਘ, ਜੰਟਾ ਸਿੰਘ, ਬਲਜੀਤ ਸਿੰਘ ਸਮੇਤ 35 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਅਦਾਲਤ ਦਾ ਫ਼ੈਸਲਾ ਮੰਨਿਆ ਜਾਵੇਗਾ: ਡੇਰਾ ਮੁਖੀ
ਡੇਰਾ ਮੁਖੀ ਮਹੰਤ ਗੋਪਾਲ ਦਾਸ ਦਾ ਕਹਿਣਾ ਕਿ ਇਹ ਸਾਰਾ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ, ਜੋ ਅਦਾਲਤ ਦਾ ਫ਼ੈਸਲਾ ਆਵੇਗਾ, ਉਸਨੂੰ ਮੰਨ ਲਿਆ ਜਾਵੇਗਾ।