ਪੱਤਰ ਪ੍ਰੇਰਕ
ਚਾਉਕੇ, 8 ਅਗਸਤ
ਪਿੰਡ ਸੂਚ ਵਿਚ ਪਸ਼ੂਆਂ ਨੂੰ ਦਫ਼ਨਾਉਣ ਵਾਲੀ ਜਗ੍ਹਾ ਹੱਡਾਰੋੜੀ ਨੂੰ ਲੈ ਕੇ ਪਿੰਡ ਸੂਚ ਵਿਚ ਵਿਵਾਦ ਪੈਦਾ ਹੋ ਗਿਆ ਹੈ। ਪਿੰਡ ਦੇ ਪਸ਼ੂ ਪਾਲਕ ਸਿਮਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਗਾਂ ਪਹਿਲਾਂ ਬਿਮਾਰੀ ਕਾਰਨ ਮਰ ਗਈ ਜੋ ਉਨ੍ਹਾਂ ਬਾਹਰਲੇ ਪਿੰਡ ਦੇ ਵਿਅਕਤੀਆਂ ਨੂੰ ਇੱਕ ਹਜ਼ਾਰ ਰੁਪਏ ਦੇ ਕੇ ਚੁੱਕਾ ਦਿੱਤੀ ਪਰ ਬਾਅਦ ਵਿਚ ਬਿਮਾਰੀ ਨਾਲ ਇੱਕ ਹੋਰ ਗਾਂ ਦੀ ਮੌਤ ਹੋ ਗਈ ਜਿਸ ਕਾਰਨ ਉਨ੍ਹਾਂ ਦਾ ਡੇਢ ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਤੇ ਮਰੀ ਹੋਈ ਗਾਂ ਨੂੰ ਚੁਕਾਉਣ ਲਈ ਉਨ੍ਹਾਂ ਬਾਰਾਂ ਸੌ ਰੁਪਏ ਬਾਹਰਲੇ ਵਿਅਕਤੀਆਂ ਨੂੰ ਦਿੱਤੇ ਪਰ ਉਹ ਵੀ ਜਵਾਬ ਦੇ ਗਏ। ਕਿਸਾਨ ਹਰਦੇਵ ਸਿੰਘ ਕਿਹਾ ਕਿ ਉਨ੍ਹਾਂ ਦੀਆਂ ਚਾਰ ਪਸ਼ੂਆਂ ਦੀ ਮੌਤ ਹੋ ਗਈ ਜਿਨ੍ਹਾਂ ਨੂੰ ਦਫ਼ਨਾਉਣ ਲਈ ਹੱਡਾਰੋੜੀ ਵੀ ਨਹੀਂ ਹੈ। ਸਰਪੰਚ ਕਪੂਰਾ ਸਿੰਘ ਨੇ ਕਿਹਾ ਕਿ ਪਹਿਲਾਂ ਵਾਲੀ ਪੰਚਾਇਤ ਨੇ ਹੱਡਾਰੋੜੀ ਵਾਲੀ ਜਗਾ ਤਬਦੀਲ ਕਰਕੇ ਪਿੰਡ ਤੋਂ ਦੋ ਕਿਲੋਮੀਟਰ ਦੇ ਕਰੀਬ ਦੂਰ ਜਗ੍ਹਾ ਦੇ ਦਿੱਤੀ। ਹੁਣ ਪਸ਼ੂਆਂ ਨੂੰ ਬਿਮਾਰੀ ਪੈਣ ਕਾਰਨ ਜਦੋਂ ਪਸ਼ੂ ਮਰਨ ਲੱਗ ਪਏ ਤੇ ਲੋਕ ਮਰੇ ਪਸ਼ੂ ਸੁੱਟਣ ਜਾਂਦੇ ਸਨ ਤਾਂ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਪਿੰਡ ਦੇ ਮਜ਼ਦੂਰ ਗੁਰਮੇਲ ਸਿੰਘ ਨੇ ਕਿਹਾ ਹੱਡਾਰੋੜੀ ਨੂੰ ਜਾਣ ਲਈ ਰਸਤਾ ਉਨ੍ਹਾਂ ਦੀ ਜ਼ਮੀਨ ਵਿਚੋਂ ਦੀ ਨਹੀਂ ਜਾਂਦਾ, ਪਿੰਡ ਦੇ ਲੋਕ ਉਨ੍ਹਾਂ ਦੇ ਨਰਮੇ ਵਿਚ ਦੀ ਲੰਘ ਕੇ ਜਾਦੇ ਸਨ ਤਾਂ ਨਰਮੇ ਦਾ ਨੁਕਸਾਨ ਹੋ ਰਿਹਾ ਸੀ ਇਸ ਲਈ ਉਨ੍ਹਾਂ ਪਿੰਡ ਵਾਸੀਆਂ ਨੂੰ ਰੋਕ ਦਿੱਤਾ ਹੈ।