ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 10 ਜਨਵਰੀ
ਇੱਥੇ ਮੁਕਤਸਰ-ਜਲਾਲਾਬਾਦ ਰੋਡ ਉਪਰ ਰੇਲਵੇ ਪੁਲ ਬਣਾਉਣ ਲਈ ਫਰਵਰੀ 2014 ਵਿੱਚ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨੀਂਹ ਪੱਥਰ ਰੱਖਿਆ ਸੀ ਪਰ ਇਹ ਪੁਲ ਮੁਕੰਮਲ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਿਆ ਹੈ। ਪੁਲ ਲਾਗਲੇ ਇਕ ਰਸਤੇ ‘ਰਾਮ ਭਗਤੀ ਮਾਰਗ’ ਦੀ ਜ਼ਮੀਨ ਪੁਲ ਨਿਰਮਾਣ ਹੇਠਾਂ ਆਉਣ ਕਰਕੇ ਰਸਤਾ ਬੰਦ ਹੋ ਗਿਆ। ਇਸੇ ਤਰ੍ਹਾਂ ਪੁਲ ਦੀ ਸੈਂਟਰ ਲਾਈਨ ਤੋਂ ਸਰਵਿਸ ਲਾਇਨ ਕਿਤੇ ਘੱਟ ਤੇ ਕਿਤੇ ਵੱਧ ਹੈ। ਕਈ ਥਾਵਾਂ ’ਤੇ ਪੁਲ ਪ੍ਰਾਈਵੇਟ ਇਮਾਰਤਾਂ ਨਾਲ ਜਾ ਲੱਗਿਆ ਹੈ। ਰੇਲਵੇ ਫਾਟਕ ਤੋਂ ਜਲਾਲਾਬਾਦ ਰੋਡ ਅਤੇ ਸਾਈਨਪਾਲ ਸਿਨੇਮੇ ਤੱਕ ਫਲਾਈਓਵਰ ਦੇ ਸੱਜੇ ਪਾਸੇ ਸਰਵਿਸ ਰੋਡ ਲਾਈਨ ਸੈਂਟਰ ਤੋਂ 7 ਮੀਟਰ ਹੈ ਜਦੋਂ ਕਿ ਪੁਲ ਦੀ ਦੀਵਾਰ ਕੋਲ ਜਾ ਕੇ ਸਾਢੇ 3 ਮੀਟਰ ਹੀ ਰਹਿ ਜਾਂਦੀ ਹੈ। ‘ਨੈਸ਼ਨਲ ਕੰਜ਼ਿਊਮਰ ਅਵੈਅਰਨੈਸ ਗਰੁੱਪ’ ਵੱਲੋਂ ‘ਸੂਚਨਾ ਦਾ ਅਧਿਕਾਰ’ ਤਹਿਤ ਪ੍ਰਾਪਤ ਦਸਤਾਵੇਜ਼ ਤੋਂ ਇਹ ਜਾਣਕਾਰੀ ਲਈ ਗਈ ਹੈ। ਰੇਲਵੇ ਫਾਟਕ ਦੇ ਦੋਵੇਂ ਪਾਸੇ ਛੇ ਖੰਭੇ ਅਤੇ ਟਰਾਂਸਫਰਮਰ ਆਵਾਜਾਈ ਵਿੱਚ ਅੜਿੱਕਾ ਬਣਦੇ ਹਨ। ਟਰੈਫਿਕ ਅਤੇ ਸੀਵਰੇਜ ਵਿਭਾਗਾਂ ਤੋਂ ਐੱਨਓਸੀ ਨਹੀਂ ਲਿਆ ਗਿਆ। ‘ਰਾਈਟਸ ਕੰਪਨੀ’ ਵੱਲੋਂ 7.5 ਮੀਟਰ ਚੌੜੇ ਫਲਾਈਓਵਰ ਲਈ 22.10 ਮੀਟਰ ਜ਼ਮੀਨ ਦਾ ਪ੍ਰਬੰਧ ਕਰਨ ਲਈ ਫਾਟਕ ਦੇ 500 ਮੀਟਰ ਘੇਰੇ ਵਿੱਚ ਆਉਂਦੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਤੇ ਰੁਕਾਵਟਾਂ ਦੂਰ ਕਰਨ ਲਈ ਲਿਖਿਆ ਸੀ ਪਰ ਹੁਣ ਪੁਲ ਦੀ ਉਸਾਰੀ ਤੋਂ ਬਾਅਦ ਵੇਖਣ ਵਿੱਚ ਆਇਆ ਹੈ ਕਿ ਪੁਲ ਦੀ ਅਲਾਇਨਮੈਂਟ ਵਿੱਚ ਵੱਡੇ ਪੱਧਰ ’ਤੇ ਖਾਮੀਆਂ ਰਹਿ ਗਈਆਂ ਹਨ ਜਿਸ ਕਰਕੇ ਹੁਣ ਪੁਲ ਅੱਧ ਵਿਚਕਾਰ ਖੜ੍ਹ ਗਿਆ ਹੈ। ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ, ਗੋਬਿੰਦ ਸਿੰਘ ਦਾਬੜਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ। ਇਸ ਦੌਰਾਨ ਰੇਲਵੇ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਵਿਭਾਗੀ ਐੱਨਓਸੀ ਜਾਰੀ ਹੋਣ ਤੋਂ ਬਾਅਦ ਕੰਮ ਮੁਕੰਮਲ ਕੀਤਾ ਜਾਵੇਗਾ।
ਨਾਜਾਇਜ਼ ਕਬਜ਼ੇ ਹਟਾਉਣ ਲਈ ਸਬੰਧਤ ਵਿਭਾਗ ਨੂੰ ਲਿਖਿਆ ਜਾਵੇਗਾ: ਕਾਰਜਕਾਰੀ ਇੰਜਨੀਅਰ
ਪਬਲਿਕ ਵਰਕਸ ਵਿਭਾਗ (ਪੀਡਬਲਿਊਡੀ ਬੀ ਐਂਡ ਆਰ) ਦੇ ਕਾਰਜਕਾਰੀ ਇੰਜਨੀਅਰ ਪ੍ਰਸ਼ੋਤਮ ਦਾਸ ਰਾਣਾ ਨੇ ਦੱਸਿਆ ਕਿ ਰੇਲਵੇ ਪੁਲ ਦੇ ਨਿਰਮਾਣ ਲਈ ਵਿਭਾਗੀ ਕਾਰਵਾਈਆਂ ਮੁਕੰਮਲ ਹਨ ਪਰ ਹੁਣ ਨਾਜਾਇਜ਼ ਕਬਜ਼ੇ ਹਟਾਉਣ ਜਾਂ ਸਰਵਿਸ ਲਾਈਨ ਮੁਕੰਮਲ ਕਰਨ ਲਈ ਬਣਦੀ ਕਾਰਵਾਈ ਕਰਨ ਲਈ ਜਲਦੀ ਹੀ ਸਬੰਧਤ ਵਿਭਾਗਾਂ ਨੂੰ ਲਿਖਿਆ ਜਾਵੇਗਾ। ਇਸ ਦੌਰਾਨ ਰੇਲਵੇ ਅਧਿਕਾਰੀ ਐੱਸਕੇ ਮੀਨਾ ਨੇ ਕਿਹਾ ਕਿ ਪੁਲ ਦੇ ਰਸਤੇ ਵਿੱਚ ਪੈਂਦੇ ਅੜਿੱਕਿਆਂ ਸਬੰਧੀ ਰੇਲਵੇ ਦੇ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ।