ਪੱਤਰ ਪ੍ਰੇਰਕ
ਮਾਨਸਾ, 12 ਜੂਨ
ਇੱਥੇ ਮੁਸਲਿਮ ਫਰੰਟ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਮਾਨਸਾ ਦੀ ਕਬਰਿਸਤਾਨ ਵਾਲੀ ਮੁੱਖ ਮਸਜਿਦ ਵਿੱਚ ਨਮਾਜ਼ ਮਗਰੋਂ ਸਮੂਹ ਮੁਸਲਿਮ ਭਾਈਚਾਰੇ ਨੇ ਭਾਜਪਾ ਦੀ ਸਾਬਕਾ ਤਰਜ਼ਮਾਨ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਵੱਲੋਂ ਪੈਗੰਬਰ ਹਜ਼ਰਤ ਮੁਹੰਮਦ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਖਿਲਾਫ਼ ਰੋਸ ਜ਼ਾਹਰ ਕੀਤਾ।
ਫਰੰਟ ਦੇ ਸੂਬਾ ਪ੍ਰਧਾਨ ਐੱਚ ਆਰ ਮੋਫ਼ਰ ਨੇ ਕਿਹਾ ਕਿ ਸੰਸਾਰ ਦਾ ਹਰ ਮੁਸਲਮਾਨ ਇਸਲਾਮ ਧਰਮ ਦੇ ਆਖ਼ਰੀ ਨਬੀ ਹਜ਼ਰਤ ਮੁਹੰਮਦ ਸਾਹਿਬ ਨੂੰ ਆਪਣੇ ਅਤੇ ਆਪਣੇ ਪਰਿਵਾਰ ਤੋਂ ਵੀ ਜ਼ਿਆਦਾ ਪਿਆਰ ਤੇ ਸਤਿਕਾਰ ਦਿੰਦਾ ਹੈ। ਉਕਤ ਨੇਤਾਵਾਂ ਵੱਲੋਂ ਉਨ੍ਹਾਂ ਦੀ ਸ਼ਾਨ ਖ਼ਿਲਾਫ਼ ਕੀਤੀਆਂ ਅਪਮਾਨਜਨਕ ਟਿੱਪਣੀਆਂ ਅਤਿ ਨਿੰਦਣਯੋਗ ਹਨ, ਜਿਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਦੀ ਆਰਥਿਕਤਾ ਉੱਪਰ ਡੂੰਘਾ ਪ੍ਰਭਾਵ ਛੱਡਦਿਆਂ ਅਰਬ ਦੇਸ਼ਾਂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮੁਸਲਮਾਨਾਂ ਵੱਲੋਂ ਭਾਰਤੀ ਸਾਮਾਨ ਦੀ ਖਰੀਦਦਾਰੀ ਬੰਦ ਕਰ ਦਿੱਤੀ ਗਈ ਹੈ ਅਤੇ ਕੂਟਨੀਤਕ ਮਾਮਲਿਆਂ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਦੀ ਸ਼ਖ਼ਸੀਅਤ ਵੀ ਪ੍ਰਭਾਵਿਤ ਹੋਈ ਹੈ, ਜੋ ਭਾਰਤੀ ਲੋਕਤੰਤਰ ’ਤੇ ਕਲੰਕ ਹੈ। ਇਸ ਮੌਕੇ ਐੱਸਡੀਐੱਮ ਪੂਨਮ ਸਿੰਘ ਤੇ ਡੀਐੱਸਪੀ ਗੋਬਿੰਦਰ ਸਿੰਘ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦੇ ਵਜੋਂ ਮਸਜਿਦ ਵਿੱਚ ਆ ਕੇ ਵੱਖ-ਵੱਖ ਮੰਗ ਪੱਤਰ ਪ੍ਰਾਪਤ ਕਰਦਿਆਂ ਭਰੋਸਾ ਦਿਵਾਇਆ ਗਿਆ ਕਿ ਪੰਜਾਬ ਸਰਕਾਰ ਤੇ ਲੋਕਲ ਪ੍ਰਸ਼ਾਸਨ ਮੁਸਲਿਮ ਘੱਟ ਗਿਣਤੀ ਭਾਈਚਾਰੇ ਦੀ ਹਿਫਾਜ਼ਤ ਕਰੇਗੀ। ਇਸੇ ਦੌਰਾਨ ਇੱਥੇ ਨਜ਼ਦੀਕ ਪਿੰਡ ਠੂਠਿਆਂਵਾਲੀ ਮਸਜਿਦ ਵਿੱਚ ਮੁਸਲਿਮ ਫ਼ਰੰਟ ਪੰਜਾਬ ਵੱਲੋਂ ਰੁੱਖ ਲਗਾ ਕੇ ‘ਇੱਕ ਰੁੱਖ ਆਪਣੇ ਨਾਮ ਲਗਾਓ, ਹਰਿਆ ਭਰਿਆ ਪੰਜਾਬ ਬਣਾਓ’ ਦਾ ਨਾਅਰਾ ਦਿੱਤਾ ਗਿਆ। ਇਸ ਮੌਕੇ ਪਾਲੀ ਖਾਨ, ਸਾਬਰ ਖਾਨ, ਸਦੀਕ ਖਾਨ, ਵਾਲੀ ਖਾਨ, ਰੇਸ਼ਮ ਖਾਨ ਤੇ ਇਮਰਾਨ ਰੱਲਾ ਵੀ ਮੌਜੂਦ ਸਨ।