ਨਿੱਜੀ ਪੱਤਰ ਪ੍ਰੇਰਕ
ਮੋਗਾ, 23 ਜਨਵਰੀ
ਸੂਬੇ ’ਚ ਯੂਰੀਆ ਖਾਦ ਦੀ ਕਿੱਲਤ ਕਾਰਨ ਜਿਥੇ ਕਿਸਾਨ ਪਰੇਸ਼ਾਨ ਹਨ ਉਥੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਵੱਲੋਂ ਪੀਏਯੂ ਸਿਫ਼ਾਰਸਾਂ ਉਲਟ ਯੂਰੀਆ ਖਾਦ ਦੀ ਬੇਲੋੜੀ ਵਰਤੋਂ ਦਾ ਦਾਅਵਾ ਕੀਤਾ ਹੈ। ਵਿਭਾਗ ਨੇ ਖੇਤਰੀ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਕੇ ਕਿਸਾਨਾ ਨੂੰ ਬੇਲੋੜੀ ਖਾਦ ਦੀ ਵਰਤੋਂ ਜਾਗਰੂਕ ਮੁਹਿੰਮ ਵਿੱਢ ਕੇ 26 ਜਨਵਰੀ ਤੱਕ ਪ੍ਰਗਤੀ ਰਿਪੋਰਟ ਤਲਬ ਕੀਤੀ ਹੈ। ਦੂਜੇ ਪਾਸੇ ਅਗਾਂਹ ਵਧੂ ਕਿਸਾਨ ਅਜੇ ਸੂਦ ਨੇ ਸਿਆਸੀ ਧਿਰਾਂ ਚੋਣ ਮਨੋਰਥ ਪੱਤਰ ’ਚ ਕਿਸਾਨ ਸਮੱਸਿਆਵਾਂ ਸ਼ਾਮਲ ਕਰਨ ਲਈ ਆਖਿਆ ਹੈ। ਪਿੰਡ ਸਲੀਣਾਂ ਦੇ ਅਗਾਂਹ ਵਧੂ ਕਿਸਾਨ ਤੇ ਸਮਾਜਵਾਦੀ ਆਗੂ ਅਜੇ ਸੂਦ ਗੋਰਾ ਨੇ ਕਿਹਾ ਕਿ ਕਿਸਾਨ ਸਿਆਸੀ ਧਿਰਾਂ ਨੂੰ ਸਵਾਲ ਕਰਨ ਕਿ ਉਹ ਕਿਸਾਨ ਹਿੱਤ ਵਾਸਤੇ ਆਪਣੇ ਮੈਨੀਫੈਸਟੋ ਵਿੱਚ ਕਿਹੜੀ ਚੀਜ਼ ਲਿਆ ਰਹੇ ਹਨ। ਫ਼ਸਲੀ ਵਿਭਿੰਨਤਾ ਨੂੰ ਕਿਸਾਨ ਤਾਂ ਹੀ ਅਪਣਾਉਣਗੇ ਜਦੋਂ ਉਨ੍ਹਾਂ ਦੀ ਫ਼ਸਲਾਂ ਦੀ ਯਕੀਨੀ ਮਾਰਕੀਟਿੰਗ ਤੋਂ ਲਾਹੇਵੰਦ ਭਾਅ ਮਿਲੇਗਾ। ਸਰਕਾਰ ਵੱਲੋਂ ਸਬਜ਼ੀ ਆਦਿ ਦੀ ਵਧੀਆ ਕਿਸਮ ਦੀ ਪਨੀਰੀ ਲਈ ਸਰਕਾਰੀ ਨਰਸਰੀ ਬਣਈ ਜਾਣੀ ਚਾਹੀਦੀ ਹੈ। ਕੰਪਨੀਆਂ ਮਹਿੰਗੇ ਭਾਅ ’ਤੇ ਹਾਈਬ੍ਰਿਡ ਬੀਜ ਵੇਚ ਰਹੀਆਂ ਹਨ। ਸਰਕਾਰ ਨੂੰ ਹਾਈਬ੍ਰਿਡ ਬੀਜ ਆਪ ਬਣਾ ਤੋਂ ਵਾਜਬ ਭਾਅ ’ਤੇ ਕਿਸਾਨਾਂ ਨੂੰ ਮੁਹੱਈਆ ਕਰਾਉਣਾ ਚਾਹੀਦਾ ਹੈ। ਬੀਜਾਂ ਦੀ ਗੁਣਵੱਤਾ ਪਰਖਣ ਲਈ ਹਰ ਜ਼ਿਲ੍ਹੇ ’ਚ ਲੈਬਾਰਟਰੀ ਹੋਣੀ ਜ਼ਰੂਰੀ ਹੈ।
ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਪੀਏਯੂ ਸਿਫ਼ਾਰਸ਼ਾਂ ਉੱਤੇ ਕਿਸਾਨਾਂ ਨੂੰ ਯੂਰੀਆ ਦੀ ਸਹੀ ਵਰਤੋਂ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਖਾਦ ਦੀ ਵਧੇਰੇ ਵਰਤੋਂ ਮਿੱਟੀ ਦੀ ਸਿਹਤ ਨੂੰ ਖ਼ਰਾਬ ਕਰਨ ਤੋਂ ਇਲਾਵਾ ਪੈਦਾਵਾਰ ਉੱਤੇ ਵੀ ਮਾੜਾ ਅਸਰ ਪਾਏਗੀ। ਉਨ੍ਹਾਂ ਆਖਿਆ ਕਿ ਮਿੱਟੀ ਦੀ ਗੁਣਵੱਤਾ ਵਿਚ ਲਗਾਤਾਰ ਆ ਰਹੀ ਕਮੀ ਨੇ ਫ਼ਸਲੀ ਝਾੜ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ, ਜਿਸਦਾ ਮੁੱਖ ਕਾਰਨ ਖੇਤਾਂ ’ਚ ਰਹਿੰਦ-ਖੂੰਹਦ ਸਾੜਨ, ਰਸਾਇਣਕ ਖਾਦਾਂ ਦੀ ਵਧੇਰੇ ਮਾਤਰਾ, ਗੈਰ-ਵਿਗਿਆਨਕ ਖੇਤੀਬਾੜੀ ਵਰਤਾਰੇ ਤੇ ਪਾਣੀ ਦੀ ਦੁਰਵਰਤੋਂ ਆਦਿ ਕਾਰਨਾਂ ਕਰਕੇ ਮਿੱਟੀ ਦੀਆਂ ਉਪਰਲੀਆਂ ਉਪਜ ਪਰਤਾਂ ਨਸ਼ਟ ਹੋ ਰਹੀਆਂ ਹਨ।