ਸ਼ੰਗਾਰਾ ਸਿੰਘ ਅਕਲੀਆ
ਜੋਗਾ, 1 ਅਪਰੈਲ
ਐਨ.ਕੇ. ਪਰਮ ਵਾਈਨਜ਼ ਕੰਪਨੀ ਦੇ ‘ਦੇਸੀ ਸ਼ਰਾਬ ਠੇਕਾ ਅਕਲੀਆ’ ਨੂੰ ਕੁਝ ਲੁਟੇਰਿਆਂ ਵੱਲੋਂ ਲੁੱਟ ਕੇ ਲੈ ਜਾਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਕਲੀਆ ਵਿੱਚ ਐਨ.ਕੇ ਪਰਮ ਵਾਈਨਜ਼ ਕੰਪਨੀ ਵੱਲੋਂ ਅਕਲੀਆ ਦੇ ਖੇਤਾਂ ਵਿੱਚ ਖੋਲ੍ਹੇ ‘ਦੇਸੀ ਸ਼ਰਾਬ ਠੇਕਾ ਅਕਲੀਆ’ ਵਿੱਚੋਂ ਅੱਜ ਸੁਵੱਖਤੇ ਤਿੰਨ ਵਜੇ ਦੇ ਕਰੀਬ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਆਪਣੀ ਕਾਰ ਵਿੱਚ ਆ ਕੇ ਦੇਸੀ ਸ਼ਰਾਬ ਦੇ ਠੇਕੇ ਅਕਲੀਆ ਵਿੱਚ ਸੁੱਤੇ ਪਏ ਕਰਿੰਦੇ ਭੂਰਾ ਸਿੰਘ ਨੂੰ ਹਾਕਾਂ ਮਾਰ ਕੇ ਕਿਹਾ ਕਿ ਬਾਈ ਜੀ ਅਸੀਂ ਸ਼ਰਾਬ ਦੀ ਬੋਤਲ ਲੈਣੀ ਹੈ ਪਰ ਕਰਿੰਦੇ ਵੱਲੋਂ ਪਹਿਲਾਂ ਤਾਂ ਕੋਰਾ ਜਵਾਬ ਦੇ ਦਿੱਤੇ ਜਾਣ ’ਤੇ ਇਨ੍ਹਾਂ ਆਣਪਛਾਤੇ ਲੁਟੇਰਿਆਂ ਨੇ ਠੇਕੇ ਦੇ ਕਰਿੰਦੇ ਦੀਆਂ ਮਿੰਨਤਾਂ ਤਰਲੇ ਕਰਨੇ ਸ਼ੁਰੂ ਕਰ ਦਿੱਤੇ। ਆਖਰਕਾਰ, ਠੇਕੇ ਦੇ ਕਰਿੰਦੇ ਭੂਰਾ ਸਿੰਘ ਵੱਲੋਂ ਠੇਕੇ ਦਾ ਮੁੱਖ ਦਰਵਾਜ਼ਾ ਖੋਲ੍ਹ ਕੇ ਜਦੋਂ ਸ਼ਰਾਬ ਦੀ ਬੋਤਲ ਦਿੱਤੀ ਜਾ ਰਹੀ ਸੀ ਤਾਂ ਇਨ੍ਹਾਂ ਲੁਟੇਰਿਆਂ ਵੱਲੋਂ ਕਰਿੰਦ ਭੂਰਾ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ, ਇਸ ਦੇ ਦੋਨੋਂ ਹੱਥ ਅਤੇ ਦੋਵੇਂ ਪੈਰਾਂ ਨੂੰ ਬੰਨ੍ਹ ਕੇ ਠੇਕੇ ਅੰਦਰ ਇੱਕ ਪਾਸੇ ਬਿਠਾ ਦਿੱਤਾ ਤੇ ਇਸ ਉੱਪਰ ਗਰਮ ਭੂਰਾ ਪਾ ਦਿੱਤਾ ਅਤੇ ਠੇਕੇ ਵਿਚਲੇ ਗੱਲੇ ਅੰਦਰ ਪਈ 2000 ਰੁਪਏ ਦੀ ਨਕਦੀ ਅਤੇ 575 ਬੋਤਲਾਂ ਸ਼ਰਾਬ ਦੇਸੀ, 18 ਬੋਤਲਾਂ ਸ਼ਰਾਬ ਅੰਗਰੇਜ਼ੀ ਲੁੱਟ ਕੇ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ। ਦੂਜੇ ਪਾਸੇ ਥਾਣਾ ਜੋਗਾ ਦੇ ਏਐੱਸਆਈ ਨਾਇਬ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਲੁਟੇਰਿਆਂ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।