ਜਸਵੰਤ ਜੱਸ
ਫਰੀਦਕੋਟ, 8 ਮਈ
ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਜ਼ਿਲ੍ਹਾ ਫ਼ਰੀਦਕੋਟ ਅਤੇ ਪੰਜਾਬ ਪੈਨਸ਼ਨਰਜ਼ ਯੂਨੀਅਨ (ਏਟਕ) ਦਾ ਇੱਕ ਸਾਂਝਾ ਵਫ਼ਦ ਆਗੂ ਨਛੱਤਰ ਸਿੰਘ ਭਾਣਾ, ਹਰਵਿੰਦਰ ਸ਼ਰਮਾ, ਕੁਲਵੰਤ ਸਿੰਘ ਚਾਨੀ ਅਤੇ ਅਸ਼ੋਕ ਕੌਸ਼ਲ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਮਿਲਿਆ। ਆਗੂਆਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਵੱਖ-ਵੱਖ ਵਿਭਾਗਾਂ ਦੇ ਲਗਾਤਾਰ ਚੱਲਣ ਵਾਲੇ ਕੰਮਾਂ ਵਿੱਚ ਵੀ ਰੈਗੂਲਰ ਭਰਤੀ ਕਰਨ ਦੀ ਬਜਾਏ ਆਊਟਸੋਰਸ ਰਾਹੀਂ ਭਰਤੀ ਕਰ ਕੇ ਕੰਪਨੀਆਂ ਨੂੰ ਕਰੋੜਾਂ ਰੁਪਏ ਦਾ ਫ਼ਾਇਦਾ ਪਹੁੰਚਾਇਆ ਗਿਆ ਅਤੇ ਇਨ੍ਹਾਂ ਕੰਪਨੀਆਂ ਨੇ ਵਰਕਰਾਂ ਦਾ ਰੱਜ ਕੇ ਸ਼ੋਸ਼ਣ ਕੀਤਾ। ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ ਏਟਕ ਵੱਲੋਂ ਦਿੱਤੇ ਗਏ ਮੰਗ ਪੱਤਰ ਸਮੇਂ ਰੁਪਿੰਦਰ ਸਿੰਘ, ਸੁਖਜੀਤ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਪੈਸਕੋ ਕੰਪਨੀ ਵੱਲੋਂ 66 ਕੇ ਵੀ ਗਰਿੱਡ ਉਸਾਰੀ ਲਈ 8000 ਰੁਪਏ ਮਹੀਨਾ ਤਨਖ਼ਾਹ ’ਤੇ ਅਤਿ ਦੀ ਮਹਿੰਗਾਈ ਵਿੱਚ ਜਾਨ ਨੂੰ ਜੋਖ਼ਿਮ ਵਿੱਚ ਪਾ ਕੇ ਡਿਊਟੀ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੀਤੀਗਤ ਫ਼ੈਸਲਾ ਲੈਂਦੇ ਹੋਏ ਸਾਰੇ ਆਊਟਸੋਰਸ ਮੁਲਾਜ਼ਮਾਂ ਨੂੰ ਸਬੰਧਤ ਵਿਭਾਗਾਂ ਦੇ ਅਧੀਨ ਕੀਤਾ ਜਾਵੇ। ਪੈਨਸ਼ਨਰ ਆਗੂ ਸੋਮ ਨਾਥ ਅਰੋੜਾ, ਤਰਸੇਮ ਨਰੂਲਾ, ਪ੍ਰਿੰਸੀਪਲ ਦਰਸ਼ਨ ਸਿੰਘ ਅਤੇ ਜਗਵੰਤ ਸਿੰਘ ਨੇ ਮੰਗ ਕੀਤੀ ਕਿ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਮੁਤਾਬਕ ਪੇਅ ਕਮਿਸ਼ਨ ਦੀ ਰਿਪੋਰਟ ਸਹੀ ਅਰਥਾਂ ਵਿੱਚ ਲਾਗੂ ਕੀਤੀ ਜਾਵੇ ਅਤੇ ਡੀਏ ਦੀਆਂ ਬਣਦੀਆਂ ਬਕਾਇਆ ਕਿਸ਼ਤਾਂ ਬਜਟ ਸਮਾਗਮ ਦੌਰਾਨ ਜਾਰੀ ਕੀਤੀਆਂ ਜਾਣ। ਸਪੀਕਰ ਕੁਲਤਾਰ ਸੰਧਵਾਂ ਤੇ ਵਿਧਾਇਕ ਸੇਖੋਂ ਨੇ ਮੰਗ ਪੱਤਰ ਹਾਸਿਲ ਕਰ ਕੇ ਪੰਜਾਬ ਸਰਕਾਰ ਤੱਕ ਸਿਫਾਰਸ਼ ਸਹਿਤ ਪੁੱਜਦੇ ਕਰਨ ਦਾ ਭਰੋਸਾ ਦਿੱਤਾ।