ਨਿੱਜੀ ਪੱਤਰ ਪ੍ਰੇਰਕ
ਮਾਨਸਾ, 13 ਮਈ
ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਤਿੰਨ ਪਿੰਡਾਂ ਖਿਆਲਾ ਕਲਾਂ, ਖਿਆਲਾ ਮਲਕਪੁਰ ਅਤੇ ਬੁਰਜ ਰਾਠੀ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਸਿਹਤ ਵਿਭਾਗ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਖਿਆਲਾ ਕਲਾਂ ਵਿੱਚ ਕੁੱਲ 28 ਕੇਸ ਅਤੇ ਮਲਕਪੁਰ ਵਿੱਚ 14 ਕੇਸ ਪਾਜ਼ੇਟਿਵ ਪਾਏ ਗਏ ਹਨ। ਖਿਆਲਾ ਕਲਾਂ ਵਿੱਚ ਦੋ ਅਤੇ ਮਲਕੁਪਰ ਵਿੱਚ ਇੱਕ ਔਰਤ ਦੀ ਮੌਤ ਹੋਈ ਹੈ। ਪ੍ਰਸ਼ਾਸਨ ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਖਿਆਲਾ ਕਲਾਂ ਅਤੇ ਮਲਕਪੁਰ ਦੇ ਤਿੰਨ ਮੁੱਖ ਰਸਤਿਆਂ ’ਤੇ ਬੈਰੀਕੇਡ ਲਗਾ ਕੇ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ। ਪਿੰਡ ਵਿੱਚ ਦਾਖ਼ਲ ਹੋਣ ਵਾਲੇ ਹਰ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸਐੱਸਪੀ ਸੁਰਿੰਦਰ ਲਾਂਬਾ ਨੇ ਖਿਆਲਾ ਕਲਾਂ ਦੀ ਸਰਪੰਚ ਰਾਣੀ ਕੌਰ ਅਤੇ ਚਰਨ ਸਿੰਘ ਤੋਂ ਪੀੜਤ ਪਰਿਵਾਰਾਂ ਬਾਰੇ ਜਾਣਕਾਰੀਆਂ ਲਈਆਂ ਅਤੇ ਪਿੰਡ ਵਾਸੀਆਂ ਨੂੰ ਆਪਣੀ ਸੁਰੱਖਿਆ ਲਈ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਹਾਲਤ ਠੀਕ ਨਾਲ ਹੋਣ ਤੱਕ ਪਿੰਡਾਂ ਦੇ ਰਸਤੇ ਸੀਲ ਰਹਿਣਗੇ। ਖਿਆਲਾ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਹਰਦੀਪ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਚਾਰ ਮੈਂਬਰੀ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਪੀੜਤ ਪਰਿਵਾਰਾਂ ਦੇ ਬਾਕੀ ਮੈਂਬਰਾਂ ਦੇ ਨਮੂਨੇ ਲੈਣਗੀਆਂ, ਪੀੜਤਾਂ ਨੂੰ ਦਵਾਈਆਂ ਮੁਹੱਈਆ ਕਰਵਾਉਣਗੀਆਂ। ਬਲਾਕ ਐਜੂਕੇਟਰ ਕੇਵਲ ਸਿੰਘ ਨੇ ਪਿੰਡ ਵਾਸੀਆਂ ਨੂੰ ਸੱਥਾਂ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਨਾ ਬੈਠਣ ਦੀ ਅਪੀਲ ਕੀਤੀ।
ਬੋਹਾ ਦੇ ਵਾਰਡ ਨੰਬਰ 9 ਤੇ 11 ਕੰਟੇਨਮੈਂਟ ਜ਼ੋਨ ਐਲਾਨੇ
ਬੋਹਾ (ਪੱਤਰ ਪ੍ਰੇਰਕ): ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਆਫ਼ਤ ਪ੍ਰਬੰਧਨ ਐਕਟ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵਾਰਡ ਨੰਬਰ 9 ਤੇ 11, ਬੋਹਾ, ਜ਼ਿਲ੍ਹਾ ਮਾਨਸਾ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਇਲਾਕੇ ਦੇ ਨਾਲ ਲੱਗਦੇ ਇਲਾਕੇ ਨੂੰ ਬਫ਼ਰ ਜ਼ੋਨ ਐਲਾਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਲਾਗੂ ਕਰਵਾਉਣ ਲਈ 4 ਮੈਂਬਰੀ ਰੈਪਿਡ ਰਿਸਪੌਂਸ ਟੀਮ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਡੀਐੱਸਪੀ (ਐੱਸਡੀ) ਬੁਢਲਾਡਾ ਪ੍ਰਭਜੋਤ ਕੌਰ, ਐੱਸਐੱਮਓ ਬੁਢਲਾਡਾ ਡਾ. ਗੁਰਚੇਤਨ ਸਿੰਘ, ਐੱਸਐੱਚਓ ਬੋਹਾ ਜਗਦੇਵ ਸਿੰਘ ਅਤੇ ਨਾਇਬ ਤਹਿਸੀਲਦਾਰ ਬਰੇਟਾ ਰਮਨ ਕੁਮਾਰ ਸ਼ਾਮਲ ਹਨ।