ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 13 ਜੁਲਾਈ
ਰਾਸ਼ਨ ਡਿਪੂਆਂ ਤੇ ਖਪਤਕਾਰਾਂ ਲਈ ਆਈ ਕਣਕ ਦੀ ਸਹੀ ਤਰੀਕੇ ਨਾਲ ਵੰਡ ਨਾ ਹੋਣ ਦੇ ਰੋਸ ਵਜੋਂ ਅੱਜ ਕਚਹਿਰੀ ਚੌਕ ਨੇੜੇ ਸਥਿਤ ਇਕ ਡਿਪੂ ਹੋਲਡਰ ਵਿਰੁੱਧ ਖਪਤਕਾਰਾਂ ਵੱਲੋਂ ਪ੍ਰਦਰਸ਼ਨ ਕਰਦੇ ਧਰਨਾ ਦੇ ਕੇ ਤੇ ਡਿਪੂ ਹੋਲਡਰ, ਫੂਡ ਸਪਲਾਈ ਵਿਭਾਗ ਵਿਰੁੱਧ ਨਾਰੇਬਾਜ਼ੀ ਕੀਤੀ ਗਈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਜਪਾ ਦੇ ਐੱਸ.ਸੀ. ਸੈੱਲ ਦੇ ਮੰਡਲ ਪ੍ਰਧਾਨ ਜਸਕਰਨ ਜੱਸਾ ਨੇ ਦੱਸਿਆ ਕਿ ਡਿਪੂ ਹੋਲਡਰ ਖਪਤਕਾਰਾਂ ਨੂੰ ਕਣਕ ਦੀ ਵੰਡ ਸਮੇਂ ਅਕਸਰ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਡਿਪੂ ਹੋਲਡਰ ਕਣਕ ਆਉਣ ਤੋਂ ਬਾਅਦ ਕਈ ਕਈ ਦਿਨ ਡਿਪੂ ਹੀ ਨਹੀਂ ਖੋਲ੍ਹਦੇ ਤੇ ਜਦੋਂ ਡਿਪੂ ਖੋਲ੍ਹਦੇ ਹਨ ਤਾਂ ਖਪਤਕਾਰਾਂ ਨੂੰ ਪਰਚੀਆਂ ਰਾਤ ਸਮੇਂ ਵੰਡੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਕਣਕ ਦੇਣ ਸਮੇਂ ਖਪਤਕਾਰਾਂ ਨੂੰ ਬੋਰੀਆਂ/ਗੱਟੇ ਘਰਾਂ ਤੋਂ ਲਿਆਉਣ ਲਈ ਕਿਹਾ ਜਾਂਦਾ ਹੈ, ਜਦੋਕਿ ਸਰਕਾਰ ਵੱਲੋਂ ਕਣਕ ਨੂੰ ਗੱਟਿਆਂ ’ਚ ਭੇਜਿਆ ਜਾਂਦਾ ਹੈ। ਜਦੋਂ ਖਪਤਕਾਰਾਂ ਵੱਲੋਂ ਪ੍ਰਾਪਤ ਕੀਤੀ ਕਣਕ ਆਪਣੇ ਪੱਧਰ ’ਤੇ ਤੋਲੀ ਜਾਂਦੀ ਹੈ, ਤਾਂ ਵਜ਼ਨ 1-2 ਕਿਲੋ ਪ੍ਰਤੀ ਗੱਟਾ ਘੱਟ ਨਿਕਲਦਾ ਹੈ ਤੇ ਜਦੋਂ ਡਿਪੂ ਹੋਲਡਰ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਸਦਾ ਜਵਾਬ ਹੁੰਦਾ ਹੈ ਕਿ ਜੋ ਕੁਝ ਪਿੱਛੋਂ ਆਇਆ ਹੈ, ਉਹੀ ਦੇ ਰਹੇ ਹਾਂ। ਉਨ੍ਹਾਂ ਦੱਸਿਆ ਕਿ ਡਿਪੂ ਹੋਲਡਰਜ਼ ਫੂਡ ਸਪਲਾਈ ਵਿਭਾਗ ਦੀ ਮਿਲੀਭੁਗਤ ਨਾਲ ਕਣਕ ਦੀ ਵੰਡ ਦੇ ਕੰਮ ਨੂੰ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ।
ਉੱਧਰ ਸੜਕੀ ਆਵਾਜਾਈ ਨੂੰ ਬਹਾਲ ਕਰਨ ਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਗਿੱਦੜਬਾਹਾ ਦੇ ਡੀਐੱਸਪੀ ਜਸਬੀਰ ਸਿੰਘ ਪੁਨੂੰ ਮੌਕੇ ’ਤੇ ਪੁੱਜੇ। ਉਨ੍ਹਾਂ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਮੌਕੇ ’ਤੇ ਹੀ ਨਵੀਆਂ ਪਰਚੀਆਂ ਕੱਟੀਆਂ ਜਾਣਗੀਆਂ ਤੇ ਜੋ ਵਿਅਕਤੀ ਮੌਜੂਦ ਹਨ, ਉਨ੍ਹਾਂ ਸਭ ਨੂੰ ਬਣਦੀ ਕਣਕ ਮਿਲੇਗੀ। ਡੀਐੱਸਪੀ ਜਸਬੀਰ ਸਿੰਘ ਪੁਨੂੰ ਦੇ ਭਰੋਸੇ ਮਗਰੋਂ ਖਪਤਕਾਰਾਂ ਵੱਲੋਂ ਧਰਨਾ ਹਟਾਇਆ ਗਿਆ।
ਕਣਕ ਵੰਡ ’ਚ ਬੇਨਿਯਮੀਆਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਏਐੱਫਐੱਸਓ
ਖੁਰਾਕ ਤੇ ਸਪਲਾਈ ਵਿਭਾਗ ਦੇ ਏਐੱਫਐੱਸਓ ਮਨਿੰਦਰ ਸਿੰਘ ਨੇ ਕਿਹਾ ਕਿ ਇਸ ਡਿਪੂ ’ਤੇ ਅੱਜ ਕਣਕ ਵੰਡਣੀ ਸ਼ੁਰੂ ਕੀਤੀ ਜਾਣੀ ਸੀ ਪਰ ਡਿਪੂ ਹੋਲਡਰ ਦੇ ਬਿਮਾਰ ਹੋਣ ਕਾਰਨ ਕਣਕ ਵੰਡਣ ਦਾ ਕੰਮ ਮੁਲਤਵੀ ਕਰਨਾ ਪਿਆ ਜਿਸ ਨੂੰ ਬਾਅਦ ਦੁਪਹਿਰ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਣਕ ਦੀ ਵੰਡ ਹੀ ਸ਼ੁਰੂ ਨਹੀਂ ਹੋਈ ਤਾਂ ਉਸ ’ਚ ਬੇਨਿਯਮੀਆਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।