ਮਨੋਜ ਸ਼ਰਮਾ
ਬਠਿੰਡਾ, 16 ਜੁਲਾਈ
ਧੋਬੀਆਣਾ ਬਸਤੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸਾਰੀਆਂ ਢਾਹੇ ਜਾਣ ਦੀ ਕਾਰਵਾਈ ਤੋਂ ਖਫ਼ਾ ਲੋਕਾਂ ਨੇ ਅੱਜ ਧੋਬੀਆਣਾ ਬਸਤੀ ਤੋਂ ਪੈਦਲ ਰੋਸ ਮਾਰਚ ਕੱਢਿਆ ਤੇ ਪ੍ਰਬੰਧਕੀ ਕੰਪਲੈਕਸ ਅੱਗੇ ਡਿਪਟੀ ਕਮਿਸ਼ਨਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਧਰਨਾ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਅਤੇ ਮਕਾਨ ਉਜਾੜਾ ਕਮੇਟੀ ਵਿਚਾਲੇ ਅੱਜ ਹੋਈ ਮੀਟਿੰਗ ਬੇਸਿੱਟਾ ਰਹੀ, ਜਿਸ ਤੋਂ ਬਾਅਦ ਪੀੜਤਾਂ ਨੇ ਅਣਮਿੱਥੇ ਸਮੇਂ ਲਈ ਧਰਨਾ ਆਰੰਭ ਦਿੱਤਾ ਹੈ।
ਮਕਾਨ ਉਜਾੜਾ ਕਮੇਟੀ ਦੇ ਆਗੂ ਅਮਿਤ ਸਿੰਘ, ਮੂਰਤੀ ਦੇਵੀ, ਸੁਨਹਿਰੀ ਦੇਵੀ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤੀਰਥ ਸਿੰਘ ਕੋਠਾਗੁਰੂ, ਬੀਕੇਯੂ ਉਗਰਾਹਾਂ ਦੇ ਬਸੰਤ ਸਿੰਘ ਕੋਠਾਗੁਰੂ ਅਤੇ ਜਗਸੀਰ ਸਿੰਘ ਝੂੰਬਾ ਨੇ ਗ਼ਰੀਬਾਂ ਦੇ ਮਕਾਨ ਢਾਹੁਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਰ੍ਹਦਿਆਂ ਹੋਏ ਕਿਹਾ ਕਿ ਆਮ ਸਰਕਾਰ ਵਿੱਚ ਆਮ ਲੋਕਾਂ ਦੇ ਘਰ ਢਹਿ ਢੇਰੀ ਕਰ ਦਿੱਤੇ ਗਏ ਪਰ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਕੋਈ ਵੀ ਆਗੂ ਜਾਂ ਵਿਧਾਇਕ ਉਨ੍ਹਾਂ ਦੇ ਹੱਕ ਵਿੱਚ ਨਹੀਂ ਖੜ੍ਹਿਆ। ਧਰਨਾਕਾਰੀਆਂ ਦੀ ਅੱਜ ਏਡੀਸੀ ਬਠਿੰਡਾ ਨਾਲ ਮੀਟਿੰਗ ਹੋਈ। ਵਫ਼ਦ ਨੇ ਆਪਣਾ ਪੱਖ ਰੱਖਦਿਆਂ ਸਰਕਾਰੀ ਫ਼ੈਸਲੇ ਦਾ ਵਿਰੋਧ ਕੀਤਾ ਅਤੇ ਇਨਸਾਫ ਦੀ ਮੰਗ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 22 ਗਜ਼ ਵਾਲੇ ਮਕਾਨ ਦੇਣ ਦਾ ਵਾਅਦਾ ਕੀਤਾ ਗਿਆ ਪਰ ਮਕਾਨ ਉਜਾੜਾ ਕਮੇਟੀ ਦੇ ਆਗੂ ਸੰਤੁਸ਼ਟ ਨਹੀਂ ਹੋਏ ਤੇ ਉਨ੍ਹਾਂ ਅਣਮਿਥੇ ਸਮੇਂ ਲਈ ਧਰਨਾ ਆਰੰਭ ਦਿੱਤਾ। ਜ਼ਿਕਰਯੋਗ ਹੈ ਕਿ ਬਠਿੰਡਾ ਦੀ ਰਿੰਗ ਰੋਡ ’ਤੇ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਪੁੱਡਾ ਵੱਲੋਂ ਸਖਤ ਐਕਸ਼ਨ ਲੈਂਦਿਆਂ ਕੱਲ੍ਹ ਬਠਿੰਡਾ ਵਿਕਾਸ ਅਥਾਰਟੀ ਦੀ ਟੀਮ ਨੇ ਵਰ੍ਹਦੇ ਮੀਹ ਵਿੱਚ ਕਾਰਵਾਈ ਕਰਦਿਆਂ ਕਈ ਮਕਾਨ ਢਾਹ ਦਿੱਤੇ ਸਨ।