ਗੁਰਪ੍ਰੀਤ ਦੌਧਰ
ਅਜੀਤਵਾਲ, 12 ਅਕਤੂਬਰ
ਪਿੰਡ ਵਾਸੀਆਂ ਵੱਲੋਂ ਅੱਜ ਪਿੰਡ ਦੌਧਰ ਵਿਖੇ ਚੇਤਨਾ ਮਾਰਚ ਕੱਢਿਆ ਗਿਆ ਜਿਸ ਵਿਚ ਵੱਧ ਚੜ੍ਹ ਕੇ ਨੌਜਵਾਨਾਂ ਨੇ ਹਿੱਸਾ ਲਿਆ ਇਹ ਚੇਤਨਾ ਮਾਰਚ ਪਿੰਡ ਦੀਆਂ ਵੱਖ-ਵੱਖ ਗਲੀਆਂ ਵਿਚੋਂ ਲੰਘਦਾ ਹੋਇਆ ਪਾਰਕ ਵਿਖੇ ਸਮਾਪਤ ਹੋਇਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਜਗਜੀਤ ਸਿੰਘ ਬਰਾੜ, ਹਰਦੀਪ ਸਿੰਘ ਹੀਪਾ, ਚਮਕੌਰ ਸਿੰਘ ਗੋਰਾ, ਜਗਸੀਰ ਸਿੰਘ ਪੱਪੂ, ਜਗਦੀਪ ਸਿੰਘ ਨੇ ਕਿਹਾ ਕੇ ਚੇਤਨਾ ਮਾਰਚ ਦਾ ਮਕਸਦ ਲੋਕਾਂ ਨੂੰ ਪਿੰਡ ਵਿੱਚ ਵਿਕ ਰਹੇ ਚਿੱਟੇ ਅਤੇ ਹੋਰ ਨਸ਼ਿਆਂ ਵਿਰੁੱਧ ਜਾਗਰੂਕ ਕਰਨਾ ਸੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਨੂੰ ਉਮੀਦ ਸੀ ਕਿ ਨਵੀਂ ਸਰਕਾਰ ਆਉਣ ’ਤੇ ਪੰਜਾਬ ਦੀ ਨੌਜਵਾਨੀ ਸੁਰੱਖਿਅਤ ਹੋ ਜਾਵੇਗੀ ਪਰ ਨਸ਼ਾ ਵੇਚਣ ਵਾਲਿਆਂ ਵੱਲੋਂ ਸ਼ਰ੍ਹੇਆਮ ਨਸ਼ਾ ਵੇਚਿਆ ਜਾ ਰਿਹਾ ਹੈ ਅਤੇ ਨਸ਼ਾ ਤਸਕਰਾਂ ਨੂੰ ਨਵੀਂ ਸਰਕਾਰ ਦਾ ਕੋਈ ਡਰ ਨਹੀਂ ਹੈ। ਨੌਜਵਾਨਾਂ ਵੱਲੋਂ ਪੁਲੀਸ ਪ੍ਰਸ਼ਾਸਨ ਅਤੇ ਆਪ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮਾਰਚ ਵਿਚ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਨਸ਼ੇ ਤੋਂ ਪੀੜਤ ਪਰਿਵਾਰਾਂ ਵਿੱਚ ਇੱਕ ਆਸ ਦੀ ਕਿਰਨ ਜਾਗੀ। ਇਸ ਮੌਕੇ ਉਨ੍ਹਾਂ ਚਿੱਟਾ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਚਿੱਟਾ ਵੇਚਣਾ ਬੰਦ ਕਰ ਦੇਣ। ਜੇਕਰ ਉਹ ਲਿਖਤੀ ਤੌਰ ਤੇ ਲਿਖ ਕੇ ਦਿੰਦੇ ਹਨ ਕਿ ਉਹ ਚਿੱਟਾ ਨਹੀਂ ਵੇਚਣਗੇ ਤਾਂ ਕਮੇਟੀ ਉਨ੍ਹਾਂ ਦੀ ਦਰਖ਼ਾਸਤ ’ਤੇ ਵਿਚਾਰ ਕਰ ਸਕਦੀ ਹੈ। ਇਸ ਮੌਕੇ ਲੋਕਾਂ ਨੇ ਪੁਲੀਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੁਲੀਸ ਨੂੰ ਪਤਾ ਹੁੰਦਾ ਕਿ ਨਸ਼ਾ ਕੌਣ ਵੇਚਦਾ ਹੈ। ਉਨ੍ਹਾਂ ਕਿਹਾ ਕਿ ਚਿੱਟੇ ਦਾ ਨਸ਼ਾ ਕਰਨ ਵਾਲਿਆਂ ਤੋਂ ਉਨ੍ਹਾਂ ਦੇ ਪਰਿਵਾਰ ਹੀ ਨਹੀਂ ਬਲਕਿ ਕਿਸਾਨ ਅਤੇ ਆਮ ਲੋਕ ਪ੍ਰੇਸ਼ਾਨ ਹਨ। ਕਿਉਂਕਿ ਕਿਸਾਨਾਂ ਦੀਆਂ ਹਰ ਰੋਜ਼ ਹਜ਼ਾਰਾਂ ਦੀ ਕੀਮਤ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਰਹੀਆਂ ਹਨ ਤੇ ਲੋਕਾਂ ਦਾ ਇਕੱਲੇ ਸੜਕਾਂ ’ਤੇ ਨਿਕਲਣਾ ਮੁਸ਼ਕਿਲ ਹੈ। ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਆਮ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਬਾਹਰਲਾ ਵਿਅਕਤੀ ਪਿੰਡ ਵਿੱਚੋਂ ਚਿੱਟਾ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖਤ ਐਕਸ਼ਨ ਲਿਆ ਜਾਵੇਗਾ। ਕਮੇਟੀ ਵੱਲੋਂ ਕਬਾੜ ਵਾਲੀਆਂ ਦੁਕਾਨਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਚਿੱਟੇ ਵਾਲੇ ਵਿਅਕਤੀ ਤੋਂ ਸਾਮਾਨ ਲੈਂਦਾ ਹੈ ਤਾਂ ਉਨ੍ਹਾਂ ’ਤੇ ਵੀ ਕਾਰਵਾਈ ਕੀਤਾ ਜਾਵੇਗੀ। ਇਸ ਮਾਰਚ ਵਿਚ ਸਕੂਲੀ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ।