ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਦਸੰਬਰ
ਇਥੇ ਹਲਕਾ ਬਾਘਾਪੁਰਾਣਾ ਤੋਂ ਹਾਕਮ ਧਿਰ ਵਿਧਾਇਕ ਦਰਸ਼ਨ ਸਿੰਘ ਬਰਾੜ ਖ਼ਿਲਾਫ਼ ਕਾਂਗਰਸੀਆਂ ਨੇ ਝੰਡਾ ਚੁੱਕ ਲਿਆ ਹੈ। ਬਾਘਾਪੁਰਾਣਾ ਹਲਕੇ ਦੇ ਸਭ ਤੋਂ ਵੱਡੇ ਪਿੰਡ ਸਮਾਧ ਭਾਈ ਵਿਖੇ ਕਾਂਗਰਸੀਆਂ ਨੇ ਭੋਲਾ ਸਿੰਘ ਬਰਾੜ ਦੇ ਹੱਕ ਵਿਚ ਇਕੱਠ ਕਰਕੇ ਹਾਈ ਕਮਾਂਡ ਤੋਂ ਉਮੀਦਵਾਰ ਬਦਲਣ ਦੀ ਮੰਗ ਕੀਤੀ ਗਈ ਹੈ ਤੇ ਕਿਹਾ ਕਿ ਕਿਸੇ ਬਾਹਰੀ ਹਲਕੇ ਤੋਂ ਉਮੀਦਵਾਰ ਸਵੀਕਾਰ ਨਹੀਂ ਹੋਵੇਗਾ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬਰਾੜ, ਆੜ੍ਹਤੀਆ ਐਸੋਸੀਏਸ਼ਨ ਪ੍ਰਧਾਨ ਅਮਰਜੀਤ ਸਿੰਘ ਰਾਜੇਆਣਾ ਤੇ ਹੋਰ ਵੱਡੀ ਗਿਣਤੀ ’ਚ ਕਾਂਗਰਸ ਆਗੂਆਂ ਨੇ ਹਾਕਮ ਧਿਰ ਦੇ ਮੌਜੂਦਾ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਵਿਰੋਧ ਕੀਤਾ ਹੈ। ਇਸ ਮੌਕੇ ਕਾਂਗਰਸ ਆਗੂ ਜੋਧਾ ਸਿੰਘ ਬਰਾੜ ਨੇ ਪਾਰਟੀ ਹਾਈ ਕਮਾਂਡ ਤੋਂ ਹਲਕੇ ਦੇ ਹੀ ਟਕਸਾਲੀ ਕਾਂਗਰਸੀ ਨੂੰ ਟਿਕਟ ਦੇਣ ਦੀ ਮੰਗ ਕਰਦੇ ਕਿਹਾ ਕਿ ਸਮੁੱਚੇ ਹਲਕੇ ਵਿਚੋ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵੱਡੀ ਲੀਡ ਦਿਵਾਈ ਜਾਵੇਗੀ। ਉਨ੍ਹਾਂ ਵਿਧਾਇਕ ਉੱਤੇ ਹਲਕੇ ’ਚੋਂ ਕਾਂਗਰਸ ਨੂੰ ਖ਼ਤਮ ਕਰਨ ਦੇ ਰਾਹ ’ਤੇ ਚੱਲਣ ਦੇ ਦੋਸ਼ ਲਗਾਏ ਹਨ। ਇਸ ਮੌਕੇ ਟਿਕਟ ਲਈ ਦਾਅਵੇਦਾਰ ਭੋਲਾ ਸਿੰਘ ਬਰਾੜ ਨੇ ਪੰਚਾਂ, ਸਰਪੰਚਾਂ ਤੇ ਹੋਰ ਕਾਂਗਰਸ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀਆਂ ਭਾਵਨਾਵਾਂ ’ਤੇ ਗੌਰ ਕਰੇਗੀ।