ਜਗਤਾਰ ਅਨਜਾਣ/ਕੁਲਦੀਪ ਸਿੰਘ
ਮੌੜ ਮੰਡੀ, 9 ਜਨਵਰੀ
ਹਲਕਾ ਮੌੜ ਤੋਂ ਕਾਂਗਰਸ ਦੇ ਚਾਹਵਾਨ ਉਮੀਦਵਾਰ ਸੰਭਾਵੀ ਉਮੀਦਵਾਰ ਬਾਂਸਲ ਪਰਿਵਾਰ ਵਿਰੁੱਧ ਇੱਕਜੁੱਟ ਹੁੰਦੇ ਨਜ਼ਰ ਆਏ। ਤਲਵੰਡੀ ਸਾਬੋ ਰੋਡ ’ਤੇ ਸਥਿਤ ਇੱਕ ਹੋਟਲ ਵਿੱਚ ਇਕੱਤਰ ਲੋਕਾਂ ਨੇ ਉਮੀਦਵਾਰ ਵਜੋਂ ਦਾਅਵੇਦਾਰੀ ਪੇਸ਼ ਕਰਨ ਵਾਲੇ ਵਿਧਾਇਕ ਜਗਦੇਵ ਸਿੰਘ ਕਮਾਲੂੁ, ਤੇਜਾ ਸਿੰਘ ਦੰਦੀਵਾਲ, ਭੁਪਿੰਦਰ ਸਿੰਘ ਗੋਰਾ, ਗੁਰਪ੍ਰੀਤ ਸਿੰਘ ਚੱਕ, ਸਿੱਪੀ ਭਾਕਰ ਅਤੇ ਮਨਜਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਇੱਕ ਜਨਤਕ ਮੀਟਿੰਗ ਦੌਰਾਨ ਸਹਿਮਤੀ ਬਣਾਉਂਦਿਆਂਂ ਸੰਭਾਵੀ ਉਮੀਦਵਾਰ ਵਜੋਂ ਵੇਖੇ ਜਾ ਰਹੇ ਬਾਂਸਲ ਪਰਿਵਾਰ ਵਿਰੁੱਧ ਬਿਗਲ ਵਜਾ ਦਿੱਤਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਜਿੱਥੇ ਉਕਤ ਪਰਿਵਾਰ ਵਿਰੁੱਧ ਲੋਕਾਂ ਅਤੇ ਪੰਚਾਇਤਾਂ ’ਚ ਰੋਸ ਹੈ, ਉੱਥੇ ਹੀ ਇਹ ਪਰਿਵਾਰ ਕਾਂਗਰਸ ਨੂੰ ਮਜ਼ਬੂਤ ਬਣਾਉਣ ਵਿੱਚ ਅਸਫ਼ਲ ਸਾਬਤ ਹੋਇਆ ਹੈ। ਲੋਕਾਂ ਨੇ ‘ਬਾਂਸਲ ਭਜਾਓ, ਹਲਕਾ ਬਚਾਓ’ ਦੇ ਨਾਅਰੇ ਵੀ ਲਾਏ। ਮੌੜ ’ਚ ਕਾਂਗਰਸ ਹਾਈ ਕਮਾਂਡ ਕੋਲ ਹੁਣ ਤੱਕ ਟਿਕਟ ਦੀ ਮੰਗ ਕਰਨ ਵਾਲੇ 28 ਆਗੂ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ। ਇਸ ਲਿਸਟ ਵਿੱਚੋਂ ਆਪਸੀ ਸਹਿਮਤੀ ਬਣਾਉਣ ਲਈ ਇਕੱਠੇ ਹੋਏ ਕੁਝ ਕਾਂਗਰਸੀ ਆਗੂਆਂ ਨੇ ਬਾਂਸਲ ਪਰਿਵਾਰ ਵਿਰੁੱਧ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਇਸ ਗੱਲ ਉਪਰ ਸਹਿਮਤੀ ਬਣਾਈ ਕਿ ਜੇਕਰ ਪਾਰਟੀ ਉਨ੍ਹਾਂ ਵਿੱਚੋਂ ਕਿਸੇ ਵੀ ਵਿਅਕਤੀ ਨੂੰ ਚੋਣ ਲੜਾਉਣ ਲਈ ਮੌਕਾ ਦਿੰਦੀ ਹੈ ਤਾਂ ਉਹ ਕਾਂਗਰਸੀ ਉਮੀਦਵਾਰ ਦੀ ਮਦਦ ਕਰਨਗੇ, ਪਰ ਜੇ ਪਾਰਟੀ ਬਾਹਰਲੇ ਉਮੀਦਵਾਰ ਜਾਂ ਬਾਂਸਲ ਪਰਿਵਾਰ ’ਚੋਂ ਕਿਸੇ ਨੂੰ ਟਿਕਟ ਦਿੰਦੀ ਹੈ ਤਾਂ ਉਹ ਆਜ਼ਾਦ ਉਮੀਦਵਾਰ ਵਜੋਂ ਸਾਂਝੀ ਚੋਣ ਲੜਨ ਲਈ ਮਜਬੂਰ ਹੋਣਗੇ। ਮੀਟਿੰਗ ਵਿੱਚ ਜਸਵਿੰਦਰ ਕੌਰ ਜੌਹਰ, ਗੁਰਕੀਰਤ ਰਾਮਨਗਰ, ਬੂਟਾ ਸਿੰਘ ਘੁੰਮਣ, ਸਰਪੰਚ ਕਸ਼ਮੀਰ ਸਿੰਘ ਤੇ ਮਲਕੀਤ ਖਾਂ ਤੋਂ ਇਲਾਵਾ ਕਾਂਗਰਸੀ ਵਰਕਰ ਹਾਜ਼ਰ ਸਨ।
ਕਿਸੇ ਖ਼ਿਲਾਫ਼ ਕੁਝ ਨਹੀਂ ਕਹਿਣਾ ਚਾਹੁੰਦਾ: ਬਾਂਸਲ
ਇਸ ਸਬੰਧੀ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਜਮਹੂਰੀ ਅਧਿਕਾਰ ਹੈ। ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰ ਨੇ ਕਿਸੇ ਵਿਰੁੱਧ ਕੁਝ ਨਹੀਂ ਕਹਿਣਾ ਸਗੋਂ ਉਹ ਤਾਂ ਹਲਕੇ ਵਿੱਚ ਨਿਮਾਣੇ ਸੇਵਾਦਾਰ ਵਜੋਂ ਵਿਚਰ ਰਹੇ ਹਨ।