ਜੋਗਿੰਦਰ ਸਿੰਘ ਮਾਨ
ਮਾਨਸਾ, 21 ਜੁਲਾਈ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸਬੰਧੀ ਮਾਲਵਾ ਖੇਤਰ ਵਿੱਚ ਤਿਆਰੀਆਂ ਅਰੰਭੀਆਂ ਗਈਆਂ ਹਨ। ਸ੍ਰੀ ਸਿੱਧੂ ਪੰਜਾਬ ਰਾਜ ਕਾਂਗਰਸ ਭਵਨ ਚੰਡੀਗੜ੍ਹ ਵਿੱਚ 23 ਜੁਲਾਈ ਨੂੰ ਕਾਰਜ ਭਾਰ ਸੰਭਾਲਣਗੇ।
ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਕਾਂਗਰਸ ਵੱਲੋਂ ਆਏ ਹੁਕਮਾਂ ਦੀ ਇੰਨਬਿੰਨ ਪਾਲਣਾ ਕਰਦਿਆਂ ਹਲਕੇ ਵਿੱਚ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਚੁੱਕੀਆਂ ਹਨ ਅਤੇ 23 ਜੁਲਾਈ ਦੇ ਸਮਾਗਮ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਕਾਂਗਰਸੀ ਵਰਕਰਾਂ ਵੱਲੋਂ ਵੱਡੀ ਸ਼ਮੂਲੀਅਤ ਕੀਤੀ ਜਾਵੇਗੀ।
ਪੀਆਰਟੀਸੀ ਦੇ ਸਾਬਕਾ ਡਾਇਰੈਕਟਰ ਤੇ ਸੀਨੀਅਰ ਕਾਂਗਰਸੀ ਨੇਤਾ ਕਰਮ ਸਿੰਘ ਚੌਹਾਨ ਨੇ ਕਿਹਾ ਕਿ ਤਾਜਪੋਸ਼ੀ ਵਾਲੇ ਦਿਨ ਉਨ੍ਹਾਂ ਵੱਲੋਂ ਵੱਡੀ ਪੱਧਰ ’ਤੇ ਪਾਰਟੀ ਵਰਕਰਾਂ ਨੂੰ ਦਰਜਨਾਂ ਵਾਹਨਾਂ ਵਿੱਚ ਚੰਡੀਗੜ੍ਹ ਲਿਜਾਇਆ ਜਾ ਰਿਹਾ ਹੈ।
ਇਸੇ ਦੌਰਾਨ ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਅਤੇ ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਪਾਰਟੀ ਵੱਲੋਂ ਆਏ ਸੰਦੇਸ਼ ਅਨੁਸਾਰ ਅੱਜ ਤੋਂ ਹੀ ਪਿੰਡ ਪੱਧਰ ਉਪਰ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸਮੇਂ ਮਾਨਸਾ ਦੇ ਭੀਖੀ ਬਲਾਕ ਵਿੱਚੋਂ ਵੱਡੀ ਗਿਣਤੀ ਪੰਚ-ਸਰਪੰਚ, ਬਲਾਕ ਸਮਿਤੀ ਮੈਂਬਰ ਅਤੇ ਹੋਰ ਕਾਂਗਰਸ ਦੇ ਅਹੁਦੇਦਾਰ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਵੱਖ ਵੱਖ ਪਿੰਡਾਂ ਦੇ ਕਾਂਗਰਸੀ ਵਰਕਰਾਂ ਵਿੱਚ ਇਸ ਤਾਜਪੋਸ਼ੀ ਲਈ ਭਾਰੀ ਉਤਸ਼ਾਹ ਹੈ।