ਪੱਤਰ ਪ੍ਰੇਰਕ
ਭਾਈਰੂਪਾ, 9 ਅਗਸਤ
ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਘੰਡਾਬੰਨਾ ਦੀ ਚੋਣ ਮੌਕੇ ਜਿੱਥੇ ਕਾਂਗਰਸ ਪਾਰਟੀ ਨਾਲ ਸਬੰਧਤ 10 ਮੈਂਬਰ ਬਿਨਾਂ ਮੁਕਾਬਲਾ ਜੇਤੂ ਰਹੇ ਉੱਥੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਪਾਰਟੀ ਉਪਰ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਉਂਦਿਆਂ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਭਾਵਾਂ ਦੇ ਇੰਸਪੈਕਟਰ ਆਤਿਸ਼ ਗੋਇਲ ਅਤੇ ਸਕੱਤਰ ਸਵਰਨ ਸਿੰਘ ਦੀ ਦੇਖ-ਰੇਖ ਹੇਠ ਹੋਈ ਸਹਿਕਾਰੀ ਸਭਾ ਦੀ ਇਸ ਚੋਣ ਵਿੱਚ ਸੱਤਾਧਾਰੀ ਪਾਰਟੀ ਨਾਲ ਸਬੰਧਤ 10 ਮੈਂਬਰ ਗੁਰਪ੍ਰੀਤ ਸਿੰਘ, ਨਾਜ਼ਰ ਸਿੰਘ, ਅਜੈਬ ਸਿੰਘ, ਗੁਰਜੰਟ ਸਿੰਘ, ਬੂਟਾ ਸਿੰਘ, ਬਲਵਿੰਦਰ ਸਿੰਘ, ਬਾਰਾ ਸਿੰਘ, ਗੁਰਲਾਲ ਸਿੰਘ, ਜਸਵੀਰ ਕੌਰ, ਤੇਜ ਕੌਰ ਬਿਨਾਂ ਮੁਕਾਬਲਾ ਜੇਤੂ ਰਹੇ ਜਿਨ੍ਹਾਂ ਦਾ ਕਾਂਗਰਸੀ ਸਮਰਥਕਾਂ ਵੱਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ। ਦੂਜੇ ਪਾਸੇ ਅਕਾਲੀ ਆਗੂ ਤੇ ਸਾਬਕਾ ਸਰਪੰਚ ਕੁਲਵੰਤ ਸਿੰਘ ਘੰਡਾਬੰਨਾ ਅਤੇ ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ ਘੰਡਾਬੰਨਾ ਨੇ ਦੋਸ਼ ਲਗਾਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜ ਉਮੀਦਵਾਰ ਦਰਸਨ ਸਿੰਘ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ, ਨਿਰਮਲ ਸਿੰਘ ਸਭਾ ਦੀ ਚੋਣ ਵਿੱਚ ਹਿੱਸਾ ਲੈਣ ਲਈ ਪੁੱਜੇ ਸਨ ਪਰ ਕਾਂਗਰਸੀ ਆਗੂਆਂ ਵੱਲੋਂ ਪ੍ਰਸ਼ਾਸਨ ਦੀ ਮੱਦਦ ਨਾਲ ਉਨ੍ਹਾਂ ਨੂੰ ਸਹਿਕਾਰੀ ਸਭਾ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਜਿਸ ਕਾਰਨ ਉਹ ਨਾਮਜ਼ਦਗੀ ਪੇਪਰ ਨਹੀਂ ਭਰ ਸਕੇ ਅਤੇ 11 ਵਜੇ ਕਾਂਗਰਸ ਪਾਰਟੀ ਨਾਲ ਸਬੰਧਤ ਉਮੀਦਵਾਰਾਂ ਨੂੰ ਜੇਤੂ ਐਲਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਧੱਕੇਸਾਹੀ ਕਰਕੇ ਇਹ ਚੋਣ ਜਿੱਤੀ ਗਈ।