ਪੱਤਰ ਪ੍ਰੇਰਕ
ਲੰਬੀ, 18 ਫਰਵਰੀ
ਲੰਬੀ ਪੁਲੀਸ ਬੀਤੇ ਕੱਲ੍ਹ ਪਿੰਡ ਭਾਗੂ ‘ਚ ਦਿਨ-ਦਿਹਾੜੇ ਕਾਂਗਰਸ ਆਗੂ ਤੇ ਸਰਪੰਚ ਪ੍ਰਤੀਨਿਧੀ ਜਸਵਿੰਦਰ ਸਿੰਘ ਭਾਗੂ ’ਤੇ ਹਮਲੇ ਦੇ ਮੁਲਜ਼ਮਾਂ ਦੀ ਭਾਲ ‘ਚ ਸਰਗਰਮੀ ਨਾਲ ਜੁਟੀ ਹੋਈ ਹੈ। ਉੱਧਰ ਦੋਵੇਂ ਲੱਤਾਂ ਟੁੱਟਣ ਕਰਕੇ ਜਸਵਿੰਦਰ ਸਿੰਘ ਭਾਗੂ ਗੰਭੀਰ ਹਾਲਤ ‘ਚ ਫੋਰਟਿਜ਼ ਮੁਹਾਲੀ ‘ਚ ਜ਼ੇਰੇ ਇਲਾਜ ਹੈ। ਅੱਜ ਉਸ ਦਾ ਅਪਰੇਸ਼ਨ ਕੀਤਾ ਗਿਆ। ਉਸਨੂੰ ਸੀ.ਸੀ.ਯੂ. ਵਿਚ ਰੱਖਿਆ ਗਿਆ ਹੈ। ਪਰਿਵਾਰਕ ਸੂਤਰਾਂ ਮੁਤਾਬਕ ਜਸਵਿੰਦਰ ਪਹਿਲਾਂ ਤੋਂ ਦਿਲ ਦਾ ਮਰੀਜ਼ ਹੈ। ਲੱਤਾਂ ਬੇਰਹਿਮੀ ਨਾਲ ਤੋੜੇ ਜਾਣ ਕਰਕੇ ਆਪ੍ਰੇਸ਼ਨ ਦੇ ਬਾਵਜੂਦ ਸਰੀਰ ‘ਚ ਇੰਫੈਕਸ਼ਨ ਫੈਲਣ ਦਾ ਖ਼ਤਰਾ ਬਰਕਰਾਰ ਹੈ। ਪੁਲੀਸ ਸੁਰਾਗ ਜੁਟਾਉਣ ਲਈ ਮੋਬਾਈਲ ਫੋਨ ਅਤੇ ਕਾਲਾਂ ਦੀ ਸੂਚੀ ਫਰੋਲ ਰਹੀ ਹੈ। ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਜਸਵਿੰਦਰ ਸਿੰਘ ਘਰੋਂ ਚਾਰ-ਪੰਜ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ।