ਸ੍ਰੀ ਮੁਕਤਸਰ ਸਾਹਿਬ: ਲਗਾਤਾਰ ਦੋ ਵਾਰ ਮੁਕਤਸਰ ਨਗਰ ਕੌਂਸਲ ਦੇ ਕੌਂਸਲਰ ਬਣੇ ਅਤੇ ਇਕ ਵਾਰ ਕੌਂਸਲ ਦੇ ਮੀਤ ਪ੍ਰਧਾਨ ਰਹੇ ਯਾਦਵਿੰਦਰ ਸਿੰਘ ਯਾਦੂ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ| ਟਕਸਾਲੀ ਕਾਂਗਰਸੀ ਵਜੋਂ ਜਾਣੇ ਜਾਂਦੇ ਸ੍ਰੀ ਯਾਦੂ ਪਹਿਲਾਂ ਵਾਰਡ ਨੰਬਰ 23 ਤੋਂ ਕੌਂਸਲਰ ਬਣ ਕੇ ਕੌਂਸਲ ਦੇ ਮੀਤ ਪ੍ਰਧਾਨ ਵੀ ਰਹੇ ਤੇ ਹੁਣ ਉਹ ਵਾਰਡ ਨੰਬਰ 4 ਚੱਕ ਰਾਮ ਨਗਰ ਤੋਂ ਕੌਂਸਲਰ ਹਨ| ਉਨ੍ਹਾਂ ਦੇ ਅਸਤੀਫਾ ਦੇਣ ਨਾਲ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ| ਸ੍ਰੀ ਯਾਦੂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਮੁਕਤਸਰ ਵਿੱਚ ਕਾਂਗਰਸ ਦੇ ਕਈ ਧੜੇ ਬਣ ਗਏ ਹਨ| ਜਿਸ ਕਰਕੇ ਹਰ ਆਗੂ ਆਪਣੀ ਦਖਲ ਅੰਦਾਜ਼ੀ ਕਰਦਾ ਹੈ| ਸਾਰੇ ਆਗੂਆਂ ਨੂੰ ਖੁਸ਼ ਕਰਨਾ ਉਸਦੇ ਵੱਸ ਦੀ ਗੱਲ ਨਹੀਂ, ਇਸ ਕਰਕੇ ਉਸਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਇਸਦੇ ਬਾਵਜੂਦ ਉਹ ਕੌਂਸਲਰ ਬਣੇ ਰਹਿਣਗੇ| ਇਸ ਦੌਰਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਸੋਥਾ ਨੇ ਕਿਹਾ ਕਿ ਕਾਂਗਰਸ ’ਚ ਧੜੇਬੰਦੀ ਵਾਲੀ ਕੋਈ ਗੱਲ ਨਹੀਂ ਇਹ ਸ੍ਰੀ ਯਾਦੂ ਦਾ ਨਿੱਜੀ ਫੈਸਲਾ ਹੈ। -ਨਿੱਜੀ ਪੱਤਰ ਪ੍ਰੇਰਕ