ਲਖਵਿੰਦਰ ਸਿੰਘ
ਮਲੋਟ, 20 ਜਨਵਰੀ
ਇੱਥੇ ਸਥਾਨਕ ਪੱਧਰ ’ਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਇਕੱਠ ਇਹ ਦਰਸਾਉਣ ਲਈ ਕਾਫੀ ਹਨ ਕਿ ਆਮ ਲੋਕਾਂ ਲਈ ਕਰੋਨਾ ਇੱੱਕ ਬਿਮਾਰੀ ਹੈ, ਜੋ ਕਿ ਸ਼ਾਇਦ ਸਿਆਸੀ ਲੋਕਾਂ ਦੇ ਨੇੜੇ-ਤੇੜੇ ਵੀ ਨਹੀਂ ਫਟਕਦੀ ਹੈ ਅਤੇ ਇਸ ਦੀ ਸਖਤੀ ਨਾਲ ਪਾਲਣਾ ਕਰਵਾਉਣ ਵਾਲੇ ਸਬੰਧਤ ਅਧਿਕਾਰੀ ਵੀ ਜਦੋਂ ਸਿਆਸੀ ਇਕੱਠਾਂ ਦੀ ਗੱਲ ਹੁੰਦੀ ਹੈ ਤਾਂ ਮੌਨ ਧਾਰਨ ਕਰ ਲੈਂਦੇ ਹਨ। ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਪਾਰਟੀ ਆਗੂਆਂ ਵੱਲੋਂ ਵੱਡੀ ਗਿਣਤੀ ਲੋਕਾਂ ਨੂੰ ਨਾਲ ਲੈ ਕੇ ਢੋਲ-ਧਮੱਕੇ ਨਾਲ ਬਾਜ਼ਾਰ ਵਿੱਚੋਂ ਮਾਰਚ ਕੱਢਿਆ ਗਿਆ। ਇਸ ਪਾਸੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾ. ਬਲਜੀਤ ਕੌਰ ਦਾ ਧਿਆਨ ਵੀ ਨਹੀਂ ਹੈ। ਇਸ ਮਾਰਚ ਨੂੰ ਲੈ ਕੇ ਸਿਹਤ ਪੱਖੀ ਜਾਗਰੂਕ ਵਿਅਕਤੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਖੇਤਰ ਵਿੱਚ ਕਰੋਨਾ ਧਮਾਕਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਮਸਲੇ ਵਿਚ ਕਾਂਗਰਸੀ ਉਮੀਦਵਾਰ ਰੁਪਿੰਦਰ ਕੌਰ ਰੂਬੀ ਵੀ ਪਿੱਛੇ ਨਹੀਂ। ਉਹ ਵੀ ਚੋਣ ਮੁਹਿੰਮ ਦੌਰਾਨ ਜਿੱਥੇ ਜਾਂਦੇ ਹਨ, ਭੀੜ ਕਰ ਲੈਂਦੇ ਹਨ। ਇਸ ਸਬੰਧੀ ਡਾ. ਬਲਜੀਤ ਕੌਰ ਨੇ ਕਿਹਾ ਕਿ ਉਹ ਲੋਕਾਂ ਨੂੰ ਬਹੁਤ ਕਹਿੰਦੇ ਹਨ ਪਰ ਲੋਕ ਬਦੋ-ਬਦੀ ਇਕੱਠੇ ਹੋ ਜਾਂਦੇ ਹਨ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਲੋਕਾਂ ਦੇ ਚੋਣ ਪ੍ਰੋਗਰਾਮਾਂ ਨੂੰ ਨਿਗਰਾਨੀ ਦੇ ਘੇਰੇ ਹੇਠ ਲਿਆਂਦਾ ਜਾਵੇ।