ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਸਤੰਬਰ
ਪੰਜਾਬ ਸਰਕਾਰ ਦੀਆਂ ਸਨਅਤ ਨੀਤੀਆਂ ਪ੍ਰਤੀ ਬੇਰੁਖ਼ੀ ਤੇ ਕਾਰੋਬਾਰ ਨੂੰ ਆ ਰਹੀਆਂ ਦਿੱਕਤਾਂ ਬਾਰੇ ਵਿਸ਼ਵਕਰਮਾ ਭਵਨ ਵਿੱਚ ਰਾਮਗੜ੍ਹੀਆ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਰਾਮਗੜ੍ਹੀਆ ਸੰਗਠਨ ਬਣਾਉਣ ਦਾ ਫ਼ੈਸਲਾ ਲਿਆ ਗਿਆ।
ਇਸ ਮੌਕੇ ਚਰਨਜੀਤ ਸਿੰਘ ਝੰਡਿਆਣਾ, ਗਿਆਨ ਸਿੰਘ ਸਾਬਕਾ ਡੀਪੀਆਰਓ, ਕੁਲਵੰਤ ਸਿੰਘ ਰਾਮਗੜੀਆ, ਗੁਰਪ੍ਰੀਤ ਸਿੰਘ ਚੀਮਾਂ, ਡਾ. ਹਰਨੇਕ ਸਿੰਘ ਰੋਡੇ ਨੇ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਪਹਿਲਾਂ ਤੋਂ ਹੀ ਕਰੋਨਾ ਦੀ ਮਾਰ ਹੇਠ ਛੋਟੀ ਸਨਅਤ, ਦੁਕਾਨਦਾਰ, ਦਿਹਾੜੀਦਾਰ ਤੇ ਕਿਰਤੀ ਮੰਦੀ ਦੇ ਦੌਰ ’ਚੋਂ ਗੁਜ਼ਰ ਰਹੇ ਸਨਅਤੀ ਖੇਤਰ ਨੂੰ ਵੱਡੀ ਢਾਹ ਲੱਗੀ ਹੈ। ਖੇਤੀਬਾੜੀ ਤੋਂ ਬਾਅਦ ਰੁਜ਼ਗਾਰ ਪੈਦਾ ਕਰਨ ਦੇ ਮਾਮਲੇ ਵਿੱਚ ਇਸ ਸੈਕਟਰ ਦਾ ਦੂਜਾ ਸਥਾਨ ਹੈ। ਮੌਜੂਦਾ ਹਾਲਾਤ ਬਣੇ ਰਹੇ ਤਾਂ ਬਹੁਤ ਸਾਰੀਆਂ ਉਦਯੋਗਿਕ ਇਕਾਈਆਂ ਦੇ ਬਾਹਰ ਤਾਲੇ ਲੱਗ ਸਕਦੇ ਹਨ। ਉਨ੍ਹਾਂ ਸਨਅਤ ਕਾਰੋਬਾਰ ਰਾਹਤ ਪੈਕੇਜ ਦੀ ਮੰਗ ਕੀਤੀ। ਸੂਬਾ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਨਾਰਾਜ਼ ਪੰਜਾਬ ਦੇ ਬਹੁਤ ਸਾਰੇ ਸਨਅਤਕਾਰ ਤੇ ਵਪਾਰੀ ‘ਇੰਡਸਟਰੀ ਫਰੈਂਡਲੀ ਪਾਲਿਸੀ’ ਦੀ ਕਮੀ ਕਾਰਨ ਜਾਂ ਤਾਂ ਉਦਯੋਗ ਬੰਦ ਕਰ ਰਹੇ ਹਨ ਜਾਂ ਦੂਜੇ ਸੂਬਿਆਂ ’ਚ ਤਬਦੀਲ ਹੋਣ ਨਾਲ ਜਿੱਥੇ ਸ਼ਹਿਰ ਦੇ ਫੋਕਲ ਪੁਆਇੰਟ ਸੁੰਨੇ ਪੈ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਰਾਮਗੜ੍ਹੀਆ ਭਾਈਚਾਰਾ ਪੰਜਾਬ ਅੰਦਰ ਆਪਣਾ ਫ਼ਰੰਟ ਤਿਆਰ ਕਰਕੇ ਬੇਰੁਖ਼ੀ ਦਾ ਜਵਾਬ ਦੇਵੇਗਾ। ਇਸ ਮੌਕੇ ਪ੍ਰਿਤਪਾਲ ਸਿੰਘ, ਪ੍ਰਿੰਸੀਪਲ ਗੁਰਦੇਵ ਸਿੰਘ, ਨਰਿੰਦਰ ਸਿੰਘ ਸਹਾਰਨ ਤੇ ਹੋਰ ਵੱਡੀ ਗਿਣਤੀ ’ਚ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।