ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 4 ਅਕਤੂਬਰ
ਇਥੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਚੰਡੀਗੜ੍ਹ ਦੀ 23 ਵੀਂ ਸੂਬਾਈ ਜਥੇਬੰਦਕ ਕਾਨਫ਼ਰੰਸ ਮੋਗਾ ਦੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਭਵਨ ਵਿੱਚ ਹੋਈ, ਜੋ ਕਿ ਮੁਲਾਜ਼ਮ ਆਗੂ ਸਾਥੀ ਸੱਜਣ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਸੀ। ਕਾਨਫਰੰਸ ਦਾ ਉਦਘਾਟਨ ਜਥੇਬੰਦੀ ਦੇ ਸੂਬਾਈ ਸਰਪ੍ਰਸਤ ਚਰਨ ਸਿੰਘ ਸਰਾਭਾ ਨੇ ਕੀਤਾ। ਉਨ੍ਹਾਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਇਤਿਹਾਸ ਬਾਰੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਫੈਡਰੇਸ਼ਨ ਵੱਲੋਂ ਲਗਾਤਾਰ ਸੰਘਰਸ਼ ਕਰ ਕੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕਾਂ ਦੀ ਰਾਖੀ ਕਰਦਿਆਂ ਤਿੱਖੇ ਸੰਘਰਸ਼ ਲੜੇ ਹਨ, ਅਤੇ ਮੰਗਾਂ ਦੀ ਪ੍ਰਾਪਤੀ ਤੱਕ ਵੀ ਜਾਰੀ ਰਹਿਣਗੇ।
ਕਾਨਫਰੰਸ ਦੌਰਾਨ ਮੁਲਾਜ਼ਮ ਸੰਘਰਸ਼ਾਂ ਦੇ ਸਾਥੀ ਰਣਬੀਰ ਸਿੰਘ ਢਿੱਲੋਂ ਨੂੰ 90ਵੇਂ ਜਨਮ ਦਿਨ ਮੌਕੇ ਸ਼ਾਨਦਾਰ ਲੋਈ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੂਬਾ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਰਿਪੋਰਟ ਪੜ੍ਹੀ। ਇਸ ਰਿਪੋਰਟ ਤੇ ਭਰਵੀਂ ਬਹਿਸ ਹੋਈ। ਸੂਬਾ ਕਮੇਟੀ ਦੀ ਹੋਈ ਚੋਣ ਵਿੱਚ ਚਰਨ ਸਿੰਘ ਸਰਾਭਾ (ਸਰਪ੍ਰਸਤ), ਰਣਬੀਰ ਸਿੰਘ ਢਿੱਲੋਂ (ਚੇਅਰਮੈਨ), ਦਰਸ਼ਨ ਸਿੰਘ ਲੁਬਾਣਾ (ਵਰਕਿੰਗ ਚੇਅਰਮੈਨ), ਜਗਦੀਸ਼ ਸਿੰਘ ਚਾਹਲ (ਮੁੱਖ ਜਥੇਬੰਦਕ ਸਕੱਤਰ), ਰਣਜੀਤ ਸਿੰਘ ਰਾਣਵਾਂ (ਪ੍ਰਧਾਨ), ਸਮੇਤ ਨਵੀਂ ਟੀਮ ਵੀ ਚੁਣੀ ਗਈ।