ਜਸਵੰਤ ਜੱਸ
ਫਰੀਦਕੋਟ, 8 ਅਪਰੈਲ
ਨਾਰਥ ਜ਼ੋਨ ਪਲਾਸਟਿਕ ਸਰਜਨ ਐਸੋਸੀਏਸ਼ਨ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ 16 ਵੀਂ ਤਿੰਨ ਰੋਜ਼ਾ ਪਲਾਸਟਿਕ ਸਰਜਨ ਕਾਨਫ਼ਰੰਸ ਕਰਵਾਈ ਗਈ। ਜਿਸ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬਾਬਾ ਫ਼ਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਨੇ ਯੂਨੀਵਰਸਿਟੀ ਦੀਆਂ ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਡਾ. ਵਿਜੇ ਸਿੰਗਲਾ ਅਤੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਪਲਾਸਟਿਕ ਸਰਜਨ ਐਸੋਸੀਏਸ਼ਨ ਵੱਲੋਂ ਪਲਾਸਟਿਕ ਸਰਜਰੀ ਸਬੰਧੀ ਕੀਤੀ ਜਾ ਰਹੀ ਤਿੰਨ ਰੋਜ਼ਾ ਵਿਸ਼ੇਸ਼ ਕਾਨਫ਼ਰੰਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਕਾਨਫਰੰਸ ਵਿੱਚ ਪਲਾਸਟਿਕ ਸਰਜਰੀ ਦੇ ਖੇਤਰ ਵਿਚ ਡਾਕਟਰਾਂ ਨੂੰ ਨਵਾਂ ਸਿੱਖਣ ਨੂੰ ਮਿਲੇਗਾ ਅਤੇ ਲੋਕਾਂ ਨੂੰ ਇਸ ਨਾਲ ਹੋਰ ਸਹੂਲਤਾਂ ਮਿਲਣਗੀਆਂ। ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਰਾਜ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਰਾਜ ਸਰਕਾਰ ਦੇ ਮੁੱਖ ਏਜੰਡਾ ਹੈ ਅਤੇ ਇਸ ਮਕਸਦ ਲਈ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ 16 ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ ਅਤੇ ਇਸ ਲੋੜੀਂਦਾ ਸਟਾਫ਼ ਤੇ ਹੋਰ ਡਾਕਟਰਾਂ ਦੀ ਭਰਤੀ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾਵੇਗੀ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ 25 ਸਾਲ ਪਹਿਲਾਂ ਬਣੀ ਬਾਬਾ ਫਰੀਦ ਯੂਨੀਵਰਸਿਟੀ ਅਜੇ ਵੀ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਖੋਜ ਕਾਰਜ ਨਹੀਂ ਆਰੰਭ ਸਕੀ ਅਤੇ ਇਹ ਯੂਨੀਵਰਸਿਟੀ ਇੱਕ ਇਮਤਿਹਾਨ ਕੇਂਦਰ ਵਜੋਂ ਚੱਲ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮੈਡੀਕਲ ਸਿੱਖਿਆ ਤੇ ਖੋਜ ਕਾਰਜਾਂ ਲਈ ਲੋੜੀਂਦੇ ਫੰਡ ਬਿਨਾਂ ਦੇਰੀ ਮੁਹੱਈਆ ਕਰਵਾਏਗੀ ਅਤੇ ਫ਼ਰੀਦੋਕਟ ਯੂਨੀਵਰਸਿਟੀ ਨੂੰ ਦੇਸ਼ ਦੀਆਂ ਮੋਹਰੀ ਯੂਨੀਵਰਸਿਟੀਆਂ ਵਿੱਚ ਸ਼ਾਮਿਲ ਕੀਤਾ ਜਾਵੇਗਾ। ਡਾ. ਵਿਜੇ ਸਿੰਗਲਾ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਪਟਿਆਲਾ, ਫਰੀਦਕੋਟ ਅਤੇ ਅੰਮ੍ਰਿਤਸਰ ‘ਚ ਸੁਪਰ-ਸਪੈਸ਼ਲਿਟੀ ਬ੍ਰਾਂਚਾਂ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਨਾਰਥ ਜ਼ੋਨ ਪਲਾਸਟਿਕ ਸਰਜਨ ਐਸੋਸੀਏਸ਼ਨ ਵੱਲੋਂ ਇਸ ਕਾਨਫਰੰਸ ਵਿੱਚ ਵੱਖ-ਵੱਖ ਪਲਾਸਟਿਕ ਸਰਜਨਾਂ ਵੱਲੋਂ ਇਸ ਖੇਤਰ ਵਿੱਚ ਰੀਕੰਨਸਟਰਟਿਵ ਅਤੇ ਕਾਸਮੈਟਿਕ ਸਰਜਰੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਾਨਫਰੰਸ ਵਿੱਚ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ ਦੇ ਪਲਾਸਟਿਕ ਸਰਜਨ ਨੇ ਭਾਗ ਲਿਆ। ਇਸ ਦੌਰਾਨ ਲੜਕੀਆਂ ਦੇ ਨਵੇਂ ਬਣੇ ਹੋਸਟਲ ਦਾ ਉਦਘਾਟਨ ਵੀ ਕੀਤਾ ਗਿਆ ਅਤੇ ਯਾਦਗਾਰ ਵਜੋਂ ਬੂਟਾ ਲਗਾਇਆ ਗਿਆ।