ਭਾਈਰੂਪਾ: ਆਲ ਇੰਡੀਆ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਯੂਨੀਅਨ (ਪੰਜਾਬ) ਏਟਕ ਦੀ ਪ੍ਰਧਾਨ ਗੁਰਦੀਪ ਕੌਰ ਘੰਡਾਬੰਨਾ ਨੇ ਕਿਹਾ ਕਿ ਦਫ਼ਤਰ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਜਿਹੜੇ ਕੌਮੀ ਝੰਡੇ ਆਜ਼ਾਦੀ ਦਿਵਸ ’ਤੇ ਘਰਾਂ ਉੱਪਰ ਲਗਾਉਣ ਲਈ ਦਿੱਤੇ ਗਏ ਸਨ, ਉਨ੍ਹਾਂ ਲਈ 25 ਰੁਪਏ ਪ੍ਰਤੀ ਝੰਡਾ ਦੇ ਹਿਸਾਬ ਨਾਲ ਦੇਣ ਲਈ ਦਫ਼ਤਰ ਵਲੋਂ ਇਕ ਪੱਤਰ ਵੱਖ-ਵੱਖ ਸਰਕਲਾਂ ਨੂੰ ਜਾਰੀ ਕੀਤਾ ਗਿਆ ਹੈ। ਇਸ ਦੀ ਉਕਤ ਯੂਨੀਅਨ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੀਡੀਪੀਓ ਦਫ਼ਤਰ ਕਿਸੇ ਵਰਕਰ ਅਤੇ ਹੈਲਪਰ ਨੂੰ ਝੰਡਿਆਂ ਦੇ ਪੈਸੇ ਦੇਣ ਲਈ ਮਜਬੂਰ ਨਾ ਕਰੇ ਕਿਉਂਕਿ ਵਰਕਰਾਂ ਤੇ ਹੈਲਪਰਾਂ ਨੇ ਆਪਣੇ ਵੱਲੋਂ ਝੰਡਿਆਂ ਦੀ ਕੋਈ ਮੰਗ ਨਹੀਂ ਕੀਤੀ ਸੀ, ਦਫ਼ਤਰ ਵੱਲੋਂ ਪੰਜ-ਪੰਜ ਝੰਡੇ ਪ੍ਰਤੀ ਵਰਕਰ ਤੇ ਹੈਲਪਰ ਉਪਰ ਥੋਪੇ ਗਏ ਸਨ। ਉਨ੍ਹਾਂ ਕਿਹਾ ਕਿ ਕੋਈ ਵਰਕਰ ਜਾਂ ਹੈਲਪਰ ਇਸ ਸਬੰਧੀ ਕੋਈ ਪੈਸਾ ਜਮਾਂ ਨਹੀਂ ਕਰਵਾਏਗੀ। -ਪੱਤਰ ਪ੍ਰੇਰਕ