ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 5 ਜੁਲਾਈ
ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਡਾਲਾ ਵਿੱਚ ਨੌਜਵਾਨਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਇਸ ਵਿੱਚ ਪਾਣੀਆਂ ਦੇ ਮੁੱਦੇ ’ਤੇ ਮੱਤੇਵਾੜਾ ਜੰਗਲ ਦੇ ਮਾਮਲੇ ਵਿੱਚ ਸਖਤ ਸਟੈਂਡ ਲੈਣ ਦਾ ਫ਼ੈਸਲਾ ਕੀਤਾ ਗਿਆ। ਨੌਜਵਾਨ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂਕੇ ਕਿਹਾ ਕਿ ਸਰਕਾਰ ਦਾ ਮੱਤੇਵਾੜਾ ਜੰਗਲ ਨੂੰ ਸਨਅਤੀ ਪਾਰਕ ਬਣਾਉਣ ਦਾ ਫੈਸਲਾ ਬਹੁਤ ਨਿੰਦਣਯੋਗ ਹੈ। ਜੰਗਲ ਨਾਲ ਬਹੁਤ ਸਾਰੇ ਕਿੱਤੇ ਤਾਂ ਜੁੜੇ ਹੀ ਨੇ ਪਰ ਨਾਲ ਹੀ ਪਸ਼ੂ, ਪੰਛੀਆਂ ਅਤੇ ਜਾਨਵਰਾਂ ਦਾ ਵੀ ਇਸ ਜੰਗਲ ਵਿੱਚ ਰਹਿਣ ਬਸੇਰਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਮੱਤੇਵਾੜੇ ਜੰਗਲ ਨੂੰ ਇੰਡਸਟਰੀਅਲ ਪਾਰਕ ਬਣਾਉਣ ਲਈ ਮਤਾ ਲਿਆਂਦਾ ਸੀ ਤਾਂ ਉਸ ਸਮੇਂ ਸਭ ਤੋਂ ਵੱਧ ਰੌਲਾ ਭਗਵੰਤ ਮਾਨ ਨੇ ਪਾਇਆ ਸੀ। ਉਨ੍ਹਾਂ ਕਿਹਾ ਕਿ ਮੱਤੇਵਾੜਾ ਜੰਗਲ ਨੂੰ ਲੈ ਕੇ ਸਰਕਾਰ ਵਿਰੁੱਧ ਮੁਹਿੰਮ ਚਲਾਈ ਜਾਵੇਗੀ। ਰਾਜਿੰਦਰ ਰਾਜੇਆਣਾ ਨੇ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਅਨੁਸਾਰ ਦਰਿਆਵਾਂ ਦੀ ਸਾਂਭ ਸੰਭਾਲ ਦਾ ਅਧਿਕਾਰ ਜੋ ਪੰਜਾਬ ਪੁਨਰਗਠਨ ਐਕਟ 1966 ਰਾਹੀਂ ਖੋਹਿਆ ਗਿਆ ਹੈ ਉਹ ਮੁੜ ਪੰਜਾਬ ਨੂੰ ਦਿੱਤਾ ਜਾਵੇ। ਪੰਜਾਬ ਤੋਂ ਬਾਹਰ ਗਏ ਦਰਿਆਈ ਪਾਣੀਆਂ ਦੀ ਰਾਇਲਟੀ ਪੰਜਾਬ ਨੂੰ ਦਿੱਤੀ ਜਾਵੇ। ਇਸ ਮੌਕੇ ਇਲਾਕਾ ਕਮੇਟੀ ਦੇ ਸਤਨਾਮ ਸਿੰਘ ਡਾਲਾ ਅਤੇ ਰਾਜਦੀਪ ਸਿੰਘ ਮੌਜੂਦ ਸਨ।