ਪੱਤਰ ਪ੍ਰੇਰਕ
ਜੋਗਾ, 25 ਅਗਸਤ
ਪਰਜਾ ਮੰਡਲ ਲਹਿਰ ਦੇ ਮੋਢੀ ਉੱਘੇ ਦੇਸ਼ ਭਗਤ ਕਾਮਰੇਡ ਜੰਗੀਰ ਸਿੰਘ ਜੋਗਾ ਦੀ 19ਵੀਂ ਬਰਸੀ ਉਨ੍ਹਾਂ ਦੇ ਜੱਦੀ ਸ਼ਹਿਰ ਜੋਗਾ ਵਿੱਚ ਸਮੂਹ ਜੋਗਾ ਪਰਿਵਾਰ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਈ ਗਈ। ਡੇਰਾ ਭਾਈ ਹਜੂਰੀ ਦੇ ਸਥਾਨ ’ਤੇ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਕਾਮਰੇਡ ਜੰਗੀਰ ਸਿੰਘ ਜੋਗਾ ਯਾਦਗਾਰ ਹਾਲ ਵਿੱਚ ਲਾਲ ਝੰਡਾ ਲਹਿਰਾਇਆ ਗਿਆ। ਇਸ ਮੌਕੇ ਕਾਮਰੇਡ ਅੰਮ੍ਰਿਤਪਾਲ ਕੌਰ ਜੋਗਾ ਨੇ ਕਾਮਰੇਡ ਜੰਗੀਰ ਸਿੰਘ ਜੋਗਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕਾਮਰੇਡ ਮੇਘ ਰਾਜ ਰੱਲਾ ਨੇ ਕਿਹਾ ਸਾਮਰਾਜ, ਜਗੀਰਦਾਰ, ਸੂਦਖੋਰ ਪੱਖੀ ਖੇਤੀ ਨੀਤੀਆਂ ਨੂੰ ਬਦਲ ਕੇ ਕਿਸਾਨ ਮਜ਼ਦੂਰ ਪੱਖੀ ਖੇਤੀ ਨੀਤੀਆਂ ਲਾਗੂ ਕੀਤੀਆਂ ਜਾਣ।
ਯਾਦਗਾਰ ਬਣਾਉਣ ਲਈ 22 ਲੱਖ ਰੁਪਏ ਮਨਜ਼ੂਰ ਕਰਵਾਏ
ਮਾਨਸਾ (ਪੱਤਰ ਪ੍ਰੇਰਕ): ਮੁਜ਼ਾਹਰਾ ਲਹਿਰ ਦੇ ਬਾਨੀ ਤੇ ਸਾਬਕਾ ਵਿਧਾਇਕ ਕਾਮਰੇਡ ਜੰਗੀਰ ਸਿੰਘ ਜੋਗਾ ਦੀ 19ਵੀਂ ਬਰਸੀ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ 22 ਲੱਖ ਰੁਪਏ ਦੀ ਗਰਾਂਟ ਉਨ੍ਹਾਂ ਦੀ ਯਾਦਗਾਰ ਬਣਾਉਣ ਲਈ ਮਨਜ਼ੂਰ ਕਰਵਾਏ ਹਨ। ਕਾਂਗਰਸ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਮਾਨਸ਼ਾਹੀਆ ਨੇ ਕਾਮਰੇਡ ਜੰਗੀਰ ਸਿੰਘ ਜੋਗਾ ਵਰਗੇ ਦੇਸ਼ ਭਗਤਾਂ ਦੇ ਜੀਵਨ ’ਤੇ ਫ਼ਖ਼ਰ ਮਹਿਸੂਸ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਨਿਰਸਵਾਰਥ ਤੇ ਦੱਬੇ-ਕੁਚਲੇ ਲੋਕਾਂ ਲਈ ਸਮਰਪਿਤ ਸੀ।