ਪੱਤਰ ਪ੍ਰੇਰਕ
ਤਪਾ ਮੰਡੀ, 6 ਅਗਸਤ
ਕੰਪਿਊਟਰ ਅਧਿਆਪਕ ਯੂਨੀਅਨ ਦੀ ਮੀਟਿੰਗ ਸਰਗਾਰੀ ਸੀਨੀਅਰ ਸਕੂਲ ਤਪਾ ਵਿੱਚ ਹੋਈ। ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨਾ ਮੰਨਣ ਤੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਦੱਸਿਆ ਕਿ 17 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਰਹੇ ਕੰਪਿਊਟਰ ਅਧਿਆਪਕਾਂ ਦਾ ਅੱਜ ਵੀ ਸ਼ੋਸ਼ਣ ਜਾਰੀ ਹੈ। ਸਾਲ 2005 ਤੋਂ ਕਾਂਗਰਸ ਸਰਕਾਰ ਨੇ ਨਿਗੁਣੀ ਤਨਖਾਹ ’ਤੇ ਕੰਮ ਲਿਆ। ਜੁਲਾਈ 2011 ’ਚ ਅਕਾਲੀ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕੀਤਾ। ਪਰ ਰੈਗੂਲਰ ਮੁਲਾਜਲਮਾਂ ਵਾਲੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ। । ਸਾਲ 2017 ਤੋਂ 2022 ਤੱਕ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦਾ ਨਾ ਸਿਰਫ਼ ਆਈਆਰਏ ਸੀਪੀ ਅਤੇ ਪੇਅ ਕਮਿਸ਼ਨ ਰੋਕਿਆ ਸਗੋਂ ਕਰੋਨਾ ਡਿਊਟੀਆਂ ਦੌਰਾਨ ਜਿਨ੍ਹਾਂ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਗਈ, ਉਨ੍ਹਾਂ ਦੇ ਪਰਿਵਾਰਾਂ ਦੀ ਸਰਕਾਰ ਨੇ ਬਾਂਹ ਤੱਕ ਨਹੀਂ ਫੜੀ।
ਹੁਣ ਆਮ ਆਦਮੀ ਦੀ ਸਰਕਾਰ ਤੋਂ ਬਹੁਤ ਆਸ ਸਨ, ਪਰ ਮੁੱਖ ਮੰਤਰੀ ਨੇ ਕੰਪਿਊਟਰ ਅਧਿਆਪਕਾਂ ਦੀਆਂ ਸਮੱਸਿਆ ਦਾ ਹੱਲ ਨਹੀਂ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਕੰਪਿਊਟਰ ਅਧਿਆਪਕਾਂ ਦੇ ਰੈਗੂਲਰ ਨੋਟੀਫਿਕੇਸ਼ਨ ਨੂੰ ਇੰਨ-ਬਿੰਨ ਲਾਗੂ ਨਹੀਂ ਕਰਦੀ ਤੇ ਪੇਅ ਕਮਿਸ਼ਨ ਦੀ ਫਾਈਲ ’ਤੇ ਲੱਗੀ ਰੋਕ ਨਹੀਂ ਹਟਾਉਂਦੀ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।
ਇਸ ਮੌਕੇ ਪਰਦੀਪ ਕੁਮਾਰ, ਅਵਤਾਰ ਸਿੰਘ ਕੁਤਬਾ, ਜਤਿੰਦਰ ਕੁਮਾਰ, ਨਿਰਭੈ ਸਿੰਘ, ਅਵਤਾਰ ਸਿੰਘ ਤਪਾ, ਭੁਪਿੰਦਰ ਸਿੰਘ, ਗੁਰਬਿੰਦਰ ਸਿੰਘ, ਜਸਵੰਤ ਸਿੰਘ, ਰਾਧੇ ਸ਼ਿਆਮ, ਕਿਰਨਦੀਪ ਸਿੰਘ ਅਤੇ ਫੀਮੇਲ ਕੰਪਿਊਟਰ ਫੈਕਲਟੀ ਹਾਜ਼ਰ ਸਨ।