ਕੁਲਦੀਪ ਭੁੱਲਰ
ਮੌੜ ਮੰਡੀ, 17 ਅਗਸਤ
ਇੱਥੇ ਅੱਜ ਡੀਐੱਸਪੀ ਦਫ਼ਤਰ ਵਿੱਚ ਫਰੀਦਕੋਟ ਦੇ ਪਿੰਡ ਡੋਡ ਵਾਸੀ ਗੁਰਮੀਤ ਕੌਰ ਪਤਨੀ ਰਾਜ ਸਿੰਘ ਨੇ ਬੀਤੇ ਦਿਨੀ ਥਾਣਾਂ ਮੌੜ ਵਿੱਚ ਆਪਣੀ ਜ਼ਮੀਨ ਵਿੱਚੋ ਰੇਤ ਮਾਫੀਆ ਵੱਲੋਂ ਜਬਰੀ ਨਾਜਾਇਜ਼ ਮਾਈਨਿੰਗ ਕਰਕੇ ਬਰੇਤੀ ਕੱਢਣ ਖ਼ਿਲਾਫ ਪੁਲੀਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਾ ਕਰਨ ਦੀ ਸ਼ਿਕਾਇਤ ਕੀਤੀ। ਉਸ ਨੇ ਕਿਹਾ ਕਿਹਾ ਕਿ ਉਨ੍ਹਾਂ ਦੀ ਤਿੰਨ ਏਕੜ ਜ਼ਮੀਨ ਮੌੜ ਦੇ ਥੰਮਣਗੜ੍ਹ ਵਿੱਚ ਮੌਜੂਦ ਹੈ। ਜਿਸ ਵਿੱਚੋਂ ਪਿਛਲੇ ਕਾਫੀ ਸਮੇਂ ਤੋ ਇਸੇ ਪਿੰਡ ਦੇ ਕੁਝ ਵਿਆਕਤੀਆਂ ਵੱਲੋਂ ਜ਼ਬਰਦਸਤੀ ਜੇਸੀਬੀ ਮਸ਼ੀਨ ਨਾਲ ਟੋਏ ਪੁੱਟ ਕੇ ਧਰਤੀ ਵਿੱਚੋ ਬਰੇਤੀ ਕੱਢ ਕੇ ਵੇਚੀ ਜਾ ਰਹੀ ਹੈ। ਰੇਤ ਮਾਫੀਆ ਨੇ ਉਨ੍ਹਾਂ ਦੀ ਜ਼ਮੀਨ ਵਿੱਚ ਰੋਕੇ ਜਾਣ ਦੇ ਬਾਵਜੂਦ ਡੂੰਘੇ ਟੋਏ ਪੁੱਟ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਟੋਇਆਂ ਨੂੰ ਭਰਨਾ ਉਨ੍ਹਾਂ ਲਈ ਆਫ਼ਤ ਬਣਿਆ ਹੋਇਆ ਹੈ। ਇਸ ਸਬੰਧੀ ਉਨ੍ਹਾਂ ਵੱਲੋ 8 ਅਗਸਤ ਨੂੰ ਥਾਣਾ ਮੌੜ ਵਿੱਚ ਦਰਖ਼ਾਸਤ ਦਿੱਤੀ ਗਈ ਸੀ ਪਰ ਪੁਲੀਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਪੁਲੀਸ ਦੀ ਕਾਰਵਾਈ ’ਤੇ ਕਈ ਪ੍ਰਸ਼ਨ ਉਠਾਏ। ਥਾਣਾ ਮੌੜ ਦੇ ਮੁਖੀ ਹਰਬੰਸ ਸਿੰਘ ਇਸ ਸਬੰਧੀ ਫੋਨ ਨਾ ਚੁੱਕਿਆ। ਡੀਐੱਸਪੀ ਮੌੜ ਰਛਪਾਲ ਸਿੰਘ ਨੇ ਕਿਹਾ ਕਿ ਇਸ ਸਬੰਧੀ ਅੱਜ ਹੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ । ਜਿਸ ਦੀ ਪੜਤਾਲ ਕਰਵਾਈ ਜਾਵੇਗੀ।