ਲਖਵੀਰ ਸਿੰਘ ਚੀਮਾ
ਟੱਲੇਵਾਲ, 6 ਨਵੰਬਰ
ਮਾਲਵਾ ’ਚ ਗੁਲਾਬੀ ਸੁੰਡੀ ਦੀ ਮਾਰ ਕਾਰਨ ਬਰਬਾਦ ਹੋਈ ਨਰਮੇ ਦੀ ਫ਼ਸਲ ਦਾ ਉਚਿਤ ਮੁਆਵਜ਼ਾ ਲੈਣ ਦੀ ਮੰਗ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਜ ਵੀ ਕਾਇਮ ਹੈ। ਇਸ ਤਹਿਤ ਕਾਂਗਰਸੀ ਲੀਡਰਾਂ ਵਿਰੁੱਧ ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੱਜ ਪਿੰਡ ਦੀਵਾਨਾ ਦੀ ਦਾਣਾ ਮੰਡੀ ਵਿੱਚ ਜੱਥੇਬੰਦੀ ਦੇ ਆਗੂਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੋਸਟਰ ’ਤੇ ਕਾਲਖ਼ ਮਲ ਕੇ ਰੋਸ ਜ਼ਾਹਿਰ ਕੀਤਾ। ਕਿਸਾਨ ਆਗੂ ਹਰਜੀਤ ਸਿੰਘ ਦੀਵਾਨਾ, ਸਤਨਾਮ ਸਿੰਘ, ਜਗਦੇਵ ਸਿੰਘ, ਗੁਰਜੰਟ ਸਿੰਘ, ਲਾਡੀ ਸਿੰਘ, ਨਛੱਤਰ ਸਿੰਘ, ਅਜਮੇਰ ਸਿੰਘ ਅਤੇ ਹਾਕਮ ਸਿੰੰਘ ਨੇ ਕਿਹਾ ਕਿ ਮਾਲਵਾ ਪੱਟੀ ਦੇ ਪੰਜ ਜ਼ਿਲ੍ਹਿਆਂ ਵਿੱਚ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਨੇ ਖ਼ਤਮ ਕਰ ਦਿੱਤੀ ਹੈ ਪਰ ਸੂਬਾ ਸਰਕਾਰ ਪੀੜਤ ਕਿਸਾਨਾਂ ਨੂੰ ਨਿਗੂਣੇ ਮੁਆਵਜ਼ੇ ਦੇ ਕੇ ਪੱਲਾ ਝਾੜ ਰਹੀ ਹੈ। ਜਦਕਿ ਸਰਕਾਰ ਦੇ ਮੁਆਵਜ਼ੇ ਤੋਂ ਕਿਤੇ ਵੱਧ ਫ਼ਸਲ ਨੂੰ ਪੈਦਾ ਕਰਨ ਤੇ ਕਿਸਾਨਾਂ ਦਾ ਖ਼ਰਚ ਆ ਚੁੱਕਾ ਹੈ। ਠੇਕੇ ’ਤੇ ਜ਼ਮੀਨਾਂ ਲੈ ਕੇ ਖੇਤੀ ਕਰਨ ਵਾਲੇ ਕਿਸਾਨ ਪੂਰੀ ਤਰ੍ਹਾਂ ਕਰਜ਼ੇ ਦੀ ਮਾਰ ਹੇਠ ਆ ਗਏ ਹਨ, ਜਿਸ ਕਰਕੇ ਪੰਜਾਬ ਸਰਕਾਰ ਕਿਸਾਨਾਂ ਨੂੰ ਪ੍ਰਤੀ ਏਕਤ 60 ਹਜ਼ਾਰ ਮੁਆਵਜ਼ਾ ਦੇ ਕੇ ਆਰਥਿਕ ਮੱਦਦ ਕਰੇ। ਉਨ੍ਹਾਂ ਆਖਿਆ ਕਿ ਜਿੰਨਾ ਚਿਰ ਮੁਆਵਜ਼ੇ ਦੀ ਇਹ ਮੰਗ ਪੂਰੀ ਨਹੀਂ ਹੁੰਦੀ, ਓਨਾ ਚਿਰ ਪਿੰਡਾਂ ਵਿੱਚ ਕਾਂਗਰਸੀ ਆਗੂਆਂ ਦਾ ਪਿੰਡਾਂ ਵਿੱਚ ਵਿਰੋਧ ਜਾਰੀ ਰਹੇਗਾ।