ਨਿਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 7 ਸਤੰਬਰ
ਲਾਗਲੇ ਪਿੰਡ ਚੱਕ ਗਾਂਧਾ ਸਿੰਘ ਵਾਲਾ ਸਣੇ ਹੋਰ ਕਈ ਪਿੰਡਾਂ ਵਿੱਚ ਨਸ਼ਾ ਤਸਕਰੀ ਤੋਂ ਦੁਖੀ ਲੋਕਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਨਸ਼ਾ ਤਸਕਰਾਂ ਦੇ ਨਾਂ ਵੀ ਜਨਤਕ ਕੀਤੇ ਗਏ ਪਰ ਪੁਲੀਸ ਪ੍ਰਸ਼ਾਸਨ ਫਿਰ ਵੀ ਮੂਕ ਦਰਸ਼ਕ ਬਣਿਆ ਬੈਠਾ ਹੈ ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ| ਧਰਨੇ ਨੂੰ ਸੰਬੋਧਨ ਕਰਦਿਆਂ ਪਵਿੱਤਰ ਖਿੜਕੀਆਂਵਾਲਾ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਮੰਗਾ ਆਜ਼ਾਦ, ਜ਼ਿਲ੍ਹਾ ਆਗੂ ਜਗਜੀਤ ਨਾਬਰ, ਰਾਜਪ੍ਰੀਤ ਸਿੰਘ, ਗੁਰਮੁਖ ਸਿੰਘ ਧਾਲੀਵਾਲ, ਜਗਦੀਸ਼ ਸਿੰਘ, ਵਿੱਕੀ ਸਿੰਘ, ਸਭਾ ਦੇ ਆਗੂ ਬੂਟਾ ਗਿੱਲ, ਜਗਸੀਰ ਸਿੰਘ ਦੀਪੂ, ਹਰਜਿੰਦਰ ਜਿੰਦੂ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੰਵਰਜੀਤ ਸਿੰਘ ਹੋਰਾਂ ਨੇ ਕਿਹਾ ਕਿ ਨਸ਼ੇ ਕਾਰਨ ਨਿੱਤ ਦਿਨ ਮੌਤਾਂ ਹੋ ਰਹੀਆਂ ਹਨ| ਦੋ ਸਕੇ ਭਰਾਵਾਂ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢਣ ਅਤੇ ਚਿੱਟਾ ਬੰਦ ਕਰਨ ਦੇ ਵੱਡੇ ਦਾਅਵੇ ਕੀਤੇ ਸਨ ਪਰ ਪਿੰਡਾਂ ਵਿੱਚ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ| ਥਾਣਾ ਬਰੀਵਾਲਾ ਦੇ ਮੁਖੀ ਗੁਰਸੇਵਕ ਸਿੰਘ ਨੇ ਇਕੱਠ ਵਿੱਚ ਆ ਕੇ ਦੋਸ਼ ਗਿ੍ਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ ਪਰ ਬਾਅਦ ਵਿੱਚ ਕੋਈ ਕਾਰਵਾਈ ਨਹੀਂ ਹੋਈ| ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਥਾਣਾ ਬਰੀਵਾਲਾ ਦਾ ਘਿਰਾਓ ਕੀਤਾ ਜਾਵੇਗਾ| ਨੌਜਵਾਨ ਖੇਡਾਂ ਵੱਲ ਪਰਤਣ ਅਤੇ ਆਪਣੀ ਜ਼ਿੰਦਗੀ ਨੂੰ ਤਾਜ਼ਾ ਬਣਾਉਣ| ਇਸ ਮੌਕੇ ਬਲਜੀਤ ਸਿੰਘ, ਡਾ. ਹਰਫੂਲ ਸਿੰਘ, ਡਾ. ਲਖਵੀਰ ਸਿੰਘ, ਰਾਜਾ ਸਿੰਘ ਹੋਰੀਂ ਵੀ ਹਾਜ਼ਰ ਸਨ।
ਕੀ ਕਹਿੰਦੇ ਨੇ ਐੱਸਐੱਚਓ
ਥਾਣਾ ਬਰੀਵਾਲਾ ਦੇ ਮੁਖੀ ਗੁਰਸੇਵਕ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਆਦਮੀ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਵੇ ਤਾਂ ਉਹ ਬਣਦੀ ਕਾਰਵਾਈ ਜ਼ਰੂਰ ਕਰਨਗੇ।
ਤਿੰਨ ਕਿਲੋ ਅਫੀਮ ਸਣੇ ਦੋ ਕਾਬੂ
ਅਬੋਹਰ (ਪੱਤਰ ਪ੍ਰੇਰਕ) ਸੀ.ਆਈ.ਏ. ਸਟਾਫ਼ ਨੇ ਦੋ ਰਾਜਸਥਾਨੀ ਵਿਅਕਤੀਆਂ ਨੂੰ 3 ਕਿਲੋ ਅਫੀਮ ਸਣੇ ਕਾਬੂ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਨਗਰ ਥਾਣਾ-2 ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਸੀ.ਆਈ.ਏ. ਸਟਾਫ਼ ਨੇ ਕੰਧਵਾਲਾ ਰੋਡ ’ਤੇ ਸਥਿਤ ਢਾਣੀ ਬਿਸ਼ੇਰਨਾਥ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਸਾਹਮਣੇ ਤੋਂ ਆ ਰਹੇ ਤਿੰਨ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ’ਚੋਂ 3 ਕਿਲੋ ਅਫੀਮ ਬਰਾਮਦ ਹੋਈ। ਪੁਲੀਸ ਨੇ ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਅਜੈ ਕੁਮਾਰ ਪੁੱਤਰ ਰਮੇਸ਼ ਚੰਦ ਵਾਸੀ ਪੁਰਾਣਾ ਛਾਬੜਾ ਰੋਡ ਪਿੰਡ ਤੇ ਤਹਿਸੀਲ ਛਿਪਾਬ ਰੋਡ ਜ਼ਿਲ੍ਹਾ ਬਾਰਾ ਰਾਜਸਥਾਨ ਤੇ ਦਾਨਮਲ ਪੁੱਤਰ ਰਾਮ ਗੋਪਾਲ ਵਾਸੀ ਮੰਡੋਲਾ ਜ਼ਿਲ੍ਹਾ ਬਾਰਾ ਰਾਜਸਥਾਨ ਵਜੋਂ ਕੀਤੀ ਹੈ।