ਪੱਤਰ ਪ੍ਰੇਰਕ
ਮਾਨਸਾ, 11 ਜਨਵਰੀ
ਡਿਪਟੀ ਕਮਿਸ਼ਨਰ ਮਹਿੰਦਰ ਪਾਲ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਮੀਡੀਆ ਉਤੇ ਕੀਤੇ ਜਾਣ ਵਾਲੇ ਖਰਚ ਉੱਤੇ ਨਜ਼ਰ ਰੱਖਣ ਲਈ ਜ਼ਿਲ੍ਹਾ ਪੱਧਰ ’ਤੇ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ ਕਾਇਮ ਕਰ ਦਿੱਤੀ ਗਈ ਹੈ, ਜਿਸ ਨੇ ਆਪਣਾ ਕੰਮ ਚੋਣ ਜ਼ਾਬਤੇ ਦੇ ਨਾਲ ਹੀ ਚਾਲੂ ਕਰ ਲਿਆ ਹੈ। ਇਹ ਜਾਣਕਾਰੀ (ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ) ਦੇ ਨੋਡਲ ਅਫ਼ਸਰ ਅਜੈ ਅਰੋੜਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੀਡੀਆ ਮਾਨੀਟਰਿੰਗ ਕਮੇਟੀ ਵੱਲੋਂ ਅਖਬਾਰਾਂ, ਰੇਡੀਓ, ਟੀਵੀ, ਈ-ਪੇਪਰ ਅਤੇ ਸੋਸ਼ਲ ਮੀਡੀਆ ਆਦਿ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਅਤੇ ਜੇਕਰ ਕਿਸੇ ਵੀ ਉਮੀਦਵਾਰ ਦਾ ਇਸ਼ਤਿਹਾਰ ਮਿਲਦਾ ਹੈ ਤਾਂ ਉਸ ਨੂੰ ਉਸ ਦੇ ਚੋਣ ਖਰਚੇ ਵਿਚ ਸ਼ਾਮਲ ਕਰਨ ਲਈ ਸਬੰਧਤ ਰਿਟਰਨਿੰਗ ਅਧਿਕਾਰੀ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਇਹ ਖਰਚਾ ਉਸ ਦੇ ਚੋਣ ਖਰਚੇ ਵਿਚ ਸ਼ਾਮਲ ਕੀਤਾ ਜਾ ਸਕੇ।
ਬਠਿੰਡਾ (ਪੱਤਰ ਪ੍ਰੇਰਕ): ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਮੀਡੀਆ ’ਤੇ ਕੀਤੇ ਜਾਣ ਵਾਲੇ ਖ਼ਰਚ ਉਤੇ ਤਿਰਛੀ ਨਜ਼ਰ ਰੱਖਣ ਲਈ ਜ਼ਿਲ੍ਹਾ ਪੱਧਰ ’ਤੇ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ (ਐਮਸੀਐਮਸੀ) ਕਮੇਟੀ ਵਲੋਂ ਚੋਣ ਜ਼ਾਬਤਾ ਲੱਗਣ ਉਪਰੰਤ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਨੇ ਜਾਣਕਾਰੀ ਦਿੱਤੀ।