ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 22 ਜਨਵਰੀ
ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਕਮ- ਕਾਰਜ ਸਾਧਕ ਅਫਸਰ ਪੰਚਾਇਤ ਸਮਿਤੀ ਦਫ਼ਤਰ ਫਰੀਦਕੋਟ ਦੇ ਸਮੂਹ ਸਮਿਤੀ ਕਰਮਚਾਰੀਆਂ ਦੀ ਮੀਟਿੰਗ ਵਿੱਚ ਹਾਜਰ ਸਮੂਹ ਕਰਮਚਾਰੀਆਂ ਨੇ ਸੂਬਾ ਸਰਕਾਰ ਖ਼ਿਲਾਫ਼ ਰੋਸ ਜਤਾਉਂਦਿਆਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਤਕਰੀਬਨ 4 ਮਹੀਨੇ ਦੀ ਤਨਖਾਹ ਨਹੀਂ ਮਿਲੀ ਅਤੇ ਉਹ ਬਿਨਾਂ ਆਪਣੀ ਤਨਖਾਹ ਦੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਸਕੂਲ ਫੀਸਾਂ, ਮਾਤਾ-ਪਿਤਾ ਦੇ ਦਵਾਈ ਦੇ ਖਰਚੇ, ਲੋਨ ਆਦਿ ਦੀਆਂ ਕਿਸ਼ਤਾਂ ਦੀ ਪੂਰਤੀ ਨਾ ਹੋਣ ਕਾਰਨ ਕਈ ਕਰਮਚਾਰੀ ਮਾਨਸਿਕ ਪ੍ਰੇਸ਼ਾਨੀ ਵਿੱਚੋ ਗੁਜ਼ਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਹਿਕਮੇ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਹੈਡਕੁਆਰਟਰ ਬੈਠੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਤਨਖਾਹਾਂ ਨਾ ਮਿਲਣ ’ਤੇ ਆਉਣ ਵਾਲੇ ਹਫ਼ਤੇ ਵਿੱਚ ਫ਼ਰੀਦਕੋਟ ਦੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਠੱਪ ਕਰਨ ਦੇ ਨਾਲ-ਨਾਲ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਹਾਜ਼ਰ ਕਰਮਚਾਰੀਆਂ ਨੇ ਤਨਖਾਹਾਂ ਨਾ ਮਿਲਣ ਸਬੰਧੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਮੁਹਾਲੀ ਦੇ ਨਾਮ ਮੰਗ ਪੱਤਰ ਹਰਜੀਤ ਸਿੰਘ ਬੀ.ਡੀ.ਪੀ.ਓ ਨੂੰ ਸੌਂਪਿਆ।