ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 11 ਅਗਸਤ
ਪਿਛਲੇ ਸਾਲ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਗਿੱਦੜਬਾਹਾ ਸ਼ਹਿਰ ਅਤੇ ਪਿੰਡ ਵਾਸੀਆਂ ਨੂੰ ਸੀਵਰੇਜ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਯਤਨਾਂ ਸਦਕਾ ਅੱਜ ਸਾਬਕਾ ਕੌਂਸਲਰ ਬਿੰਟਾ ਅਰੋੜਾ ਅਤੇ ਵਿਧਾਇਕ ਰਾਜਾ ਵੜਿੰਗ ਦੇ ਪੀ.ਏ. ਸੰਨੀ ਬਰਾੜ ਫੱਤਣਵਾਲਾ ਵੱਲੋਂ 10.87 ਕਰੋੜ ਰੁਪਏ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਨੀ ਬਰਾੜ ਅਤੇ ਬਿੰਟਾ ਅਰੋੜਾ ਅਤੇ ਐੱਸਡੀਓ ਰਾਕੇਸ਼ ਮੋਹਨ ਮੱਕੜ ਨੇ ਦੱਸਿਆ ਕਿ 3 ਕਰੋੜ 92 ਲੱਖ ਰੁਪਏ ਦੀ ਲਾਗਤ ਨਾਲ ਰਜਬਾਹਾ ਰੋਡ ਤੋਂ ਲੈ ਕੇ ਲੰਬੀ ਫਾਟਕ ਤੱਕ 2.5 ਕਿਲੋਮੀਟਰ ਲੰਬਾਈ ਦੀ ਸੀਵਰੇਜ ਲਾਈਨ ਪਾਈ ਜਾਵੇਗੀ ਜਦੋਂਕਿ 6 ਕਰੋੜ 95 ਲੱਖ ਰੁਪਏ ਦੀ ਲਾਗਤ ਨਾਲ ਲਾਲ ਕੋਠੀ ਅਤੇ ਲੰਬੀ ਰੋਡ ਡਿਸਪੋਜ਼ਲਾਂ ਲਈ 6 ਨਵੀਆਂ ਮੋਟਰਾਂ, ਸੀਵਰੇਜ ਸਫਾਈ ਲਈ ਨਵੀਂ ਜੈਟਿੰਗ ਮਸ਼ੀਨ ਤੇ ਹੋਰ ਕਾਰਜ ਕਰਵਾਏ ਜਾ ਰਹੇ ਹਨ।
ਵਿਕਾਸ ਕਾਰਜਾਂ ਲਈ ਗ੍ਰਾਂਟ ਵੰਡੀ
ਭੁੱਚੋ ਮੰਡੀ (ਪੱਤਰ ਪ੍ਰੇਰਕ): ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਪਿੰਡਾਂ ਦੇ ਵਿਕਾਸ ਲਈ ਅੱਜ ਗਰਾਂਟ ਪੱਤਰ ਵੰਡੇ। ਇਸ ਦੌਰਾਨ ਪਿੰਡ ਤੁੰਗਵਾਲੀ ਦੇ ਸਰਪੰਚ ਵਕੀਲ ਸਿੰਘ ਨੂੰ ਗਲੀਆਂ-ਨਾਲੀਆਂ ਦੀ ਮੁਰੰਮਤ ਅਤੇ ਛੱਪੜ ਦੀ ਖੁਦਾਈ ਲਈ 28 ਲੱਖ ਅਤੇ ਦਸਮੇਸ਼ ਨਗਰ ਦੀ ਸਰਪੰਚ ਦੇ ਪਤੀ ਸੁਖਵਿੰਦਰ ਸਿੰਘ ਨੂੰ 12 ਲੱਖ ਦੀ ਗਰਾਂਟ ਦਿੱਤੀ। ਇਸ ਮੌਕੇ ਬੀਡੀਪੀਓ ਗਗਨਦੀਪ ਕੌਰ ਸੋਹਲ, ਮਾਰਕੀਟ ਕਮੇਟੀ ਦੇ ਚੇਅਰਮੈਨ ਨਾਹਰ ਸਿੰਘ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਜੌਨੀ ਬਾਂਸਲ, ਮੁਕੇਸ਼ ਸ਼ਰਮਾ, ਹਰਪਾਲ ਸਿੰਘ, ਗੋਗੀ ਸ਼ਰਮਾ, ਅਵਤਾਰ ਸਿੰਘ ਹਾਜ਼ਰ ਸਨ।
ਸੜਕ ’ਤੇ ਸੋਲਰ ਲਾਈਟਾਂ ਲਵਾਈਆਂ
ਸਮਾਲਸਰ (ਪੱਤਰ ਪ੍ਰੇਰਕ): ਨੇੜਲੇ ਪਿੰਡ ਲੰਡੇ ਵਿਚ ਦਾਨੀ ਸੱਜਣ ਨੇ ਲੰਡੇ ਤੋਂ ਘਣੀਏ ਵਾਲਾ ਨੂੰ ਜਾਂਦੀ ਸੜਕ ’ਤੇ ਸੋਲਰ ਲਾਈਟਾਂ ਲਵਾਈਆਂ ਹਨ। ਜੀਓਜੀ ਜਸਵਿੰਦਰ ਬਰਾੜ ਲੰਡੇ ਨੇ ਦੱਸਿਆ ਕਿ ਲੰਡੇ ਤੋਂ ਘਣੀਏ ਵਾਲਾ ਨੂੰ ਜਾਂਦੀ ਸੜਕ ਦੇ ਨਾਲ ਪ੍ਰਮਹੰਸਾਂ ਦੀ ਸਮਾਧ ਤੱਕ ਲੰਡੇ ਪਿੰਡ ਦੇ ਇੰਦਰਜੀਤ ਸਿੰਘ ਜੀਤਾ ਮੋਢੀ ਨੇ ਆਪਣੇ ਪੱਲਿਓਂ ਪੈਸੇ ਖਰਚ ਕੇ ਸੋਲਰ ਲਾਈਟਾਂ ਲਾਈਆਂ ਹਨ। ਉਸ ਨੇ ਦੱਸਿਆ ਕਿ ਇਸ ਰਸਤੇ ਪਿੰਡ ਦੀਆਂ ਔਰਤਾਂ, ਮੁਟਿਆਰਾਂ, ਬੱਚੇ, ਬੁੱਢੇ ਆਦਿ ਰਾਤ ਸਮੇਂ ਸੈਰ ਲਈ ਜਾਂਦੇ ਹਨ। ਰਾਤ ਸਮੇਂ ਕਿਸੇ ਹਾਦਸੇ ਤੋਂ ਬਚਣ ਅਤੇ ਲੋਕਾਂ ਦੇ ਭਲੇ ਲਈ ਜੀਤਾ ਮੋਢੀ ਨੇ ਕਰੀਬ 40 ਹਜ਼ਾਰ ਰੁਪਏ ਖਰਚ ਕੇ 13 ਲਾਈਟਾਂ ਲਵਾਈਆਂ। ਲੋਕਾਂ ਨੇ ਜੀਤਾ ਮੋਢੀ ਦਾ ਧੰਨਵਾਦ ਕੀਤਾ ਹੈ।