ਪੱਤਰ ਪ੍ਰੇਰਕ
ਗਿੱਦੜਬਾਹਾ, 18 ਸਤੰਬਰ
ਇਥੇ ਨਰਮੇ ਦੀ ਖਰੀਦ ਦੀ ਰਸਮੀ ਸ਼ੁਰੂਆਤ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਸੰਸਾਰ ਸਿੰਘ ਮੱਲਣ ਅਤੇ ਵਾਈਸ ਚੇਅਰਮੈਨ ਦੀਪਕ ਗਰਗ ਨੇ ਸਾਂਝੇ ਤੌਰ ’ਤੇ ਕਰਵਾਈ।
ਕਿਸਾਨ ਸੁਖਮੰਦਰ ਸਿੰਘ ਕੋਟਭਾਈ ਦੀ ਪਹਿਲੀ ਢੇਰੀ ਦੀ ਬੋਲੀ ਆੜ੍ਹਤੀ ਸੁਰੇਸ਼ ਕੁਮਾਰ ਪ੍ਰਵੀਨ ਕੁਮਾਰ ਦੀ ਫਰਮ ਰਾਹੀਂ ਕ੍ਰਿਸ਼ਨਾ ਕਾਟਨ ਮਿੱਲ ਵਲੋਂ 4671 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੀਤੀ ਗਈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਅਤੇ ਵਾਈਸ ਚੇਅਰਮੈਨ ਨੇ ਕਿਸਾਨਾਂ ਅਤੇ ਆੜਤੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਮੰਡੀ ਵਿੱਚ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਬੁਢਲਾਡਾ (ਪੱਤਰ ਪ੍ਰੇਰਕ): ਇੱਥੇ ਅੱਜ ਸ਼ਹਿਰ ਦੀ ਅਨਾਜ ਮੰਡੀ ਵਿੱਚ ਨਰਮੇ ਅਤੇ ਬਾਸਮਤੀ ਦੀ ਖਰੀਦ ਆਰੰਭ ਹੋ ਗਈ ਹੈ। ਇਹ ਖਰੀਦ ਆਰੰਭ ਕਰਨ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਖੇਮ ੍ਹਸਿੰਘ, ਵਾਈਸ ਚੇਅਰਮੈਨ ਰਾਜਕੁਮਾਰ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਫਫੜੇ ਸ਼ਾਮਿਲ ਸਨ।
ਨਰਮੇ ਦੀ ਪਹਿਲੀ ਖਰੀਦ ਦੀ ਬੋਲੀ ਮਾਝਾ ਟਰੇਡਰਜ਼ ਦੇ ਹਿੱਸੇ ਆਈ, ਜਿੱਥੇ ਨਰਮੇ ਦੀ ਫ਼ਸਲ ਦਾ ਭਾਅ 4700 ਰੁਪਏ ਪ੍ਰਤੀ ਕੁਇੰਟਲ ਲੱਗਿਆ। ਇਸੇ ਤਰ੍ਹਾਂ ਬਾਸਮਤੀ 1509 ਦੀ ਖਰੀਦ ਧਰਮਪਾਲ ਰਾਈਸ ਮਿਲਜ਼ ਵੱਲੋਂ ਕੀਤੀ ਗਈ ਜਿਸ ਦਾ ਰੇਟ ਕਿਸਾਨ ਨੂੰ 1950 ਰੁਪਏ ਕੁਇੰਟਲ ਮਿਲਿਆ।
ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਦਾ ਕਹਿਣਾ ਸੀ ਕਿ ਇਸ ਸਾਉਣੀ ਦੀ ਫ਼ਸਲ ਸਬੰਧੀ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਵਿਡ 19 ਤਹਿਤ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਦੀਆਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਫ਼ਸਲ ਵੇਚਣ ਸਾਰ ਆਪਣੇ ਆੜ੍ਹਤੀਏ ਤੋਂ ਜੇ ਫਾਰਮ ਲੈਣਾ ਨਾ ਭੁੱਲਣ। ਇਸ ਮੌਕੇ ਐਕਸੀਅਨ ਰਿਕਾਰਡਰ ਕੁਲਦੀਪ ਸਿੰਘ, ਗਗਨਦੀਪ ਸਿੰਘ ਅਤੇ ਗਰੇਡਿੰਗ ਸੁਪਰਵਾਈਜ਼ਰ ਵੀ ਸ਼ਾਮਿਲ ਸਨ।