ਪੱਤਰ ਪ੍ਰੇਰਕ
ਫਾਜ਼ਿਲਕਾ, 31 ਅਕਤੂਬਰ
ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਸਥਿਤ ਫਲਾਈਓਵਰ ’ਤੇ ਇਕ ਟਰੱਕ ਵੱਲੋਂ ਟਰੈਕਟਰ-ਟਰਾਲੀ ਨੂੰ ਟੱਕਰ ਮਾਰੇ ਜਾਣ ਕਾਰਨ ਜਿੱਥੇ ਟਰੈਕਟਰ ਦਾ ਕਾਫ਼ੀ ਨੁਕਸਾਨ ਹੋ ਗਿਆ, ਉੱਥੇ ਹੀ ਫਲਾਈਓਵਰ ਤੋਂ ਆਉਣ ਜਾਣ ਵਾਲੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਜਾਣ ਕਾਰਨ ਆਵਾਜਾਈ ਠੱਪ ਹੋ ਗਈ।
ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਫਾਜ਼ਿਲਕਾ ਦੀ ਅਨਾਜ ਮੰਡੀ ਤੋਂ ਇਕ ਟਰਾਲੀ ਝੋਨਾ ਭਰਕੇ ਫਿਰੋਜ਼ਪੁਰ ਰੋਡ ਵਾਲੇ ਪਾਸੇ ਜਾ ਰਹੀ ਸੀ। ਜਦ ਇਹ ਟਰਾਲੀ ਫਾਜ਼ਿਲਕਾ ਦੇ ਫਲਾਈਓਵਰ ਤੋਂ ਲੰਘ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਗਲਤ ਦਿਸ਼ਾ ਵਿਚ ਆ ਕੇ ਉਕਤ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਜਿੱਥੇ ਟਰੈਕਟਰ ਚਾਲਕ ਵਾਲ ਵਾਲ ਬੱਚ ਗਿਆ, ਉੱਥੇ ਟਰੈਕਟਰ ਟਰਾਲੀ ਦਾ ਕਾਫ਼ੀ ਨੁਕਸਾਨ ਹੋਇਆ ਹੈ। ਹਾਦਸਾ ਹੋਣ ਤੋਂ ਬਾਅਦ ਫਲਾਈਓਵਰ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਮੌਕੇ ’ਤੇ ਪਹੁੰਚੀ ਪੁਲੀਸ ਨੇ ਦੋਵਾਂ ਵਾਹਨਾਂ ਨੂੰ ਉੱਥੋਂ ਹਟਾਉਣ ਦਾ ਕੰਮ ਸ਼ੁਰੂ ਕੀਤਾ।