ਪੱਤਰ ਪ੍ਰੇਰਕ
ਹੰਡਿਆਇਆ, 2 ਦਸੰਬਰ
ਗੰਗਾਨਗਰ ਤੋਂ ਪਟਿਆਲਾ ਨੂੰ ਜਾ ਰਹੇ ਕੈਂਟਰ ਦੀ ਹੰਡਿਆਇਆ ਨੇੜੇ ਰਾਖ ਨਾਲ ਭਰੇ ਟਿੱਪਰ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਕੈਂਟਰ ਚਾਲਕ ਅਤੇ ਉਸ ਦਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਹਾਈਵੇਅ ਪੁਲੀਸ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਕੈਂਟਰ ਵਿੱਚ ਸਵਾਰ ਇੱਕ ਦਰਜਨ ਦੇ ਕਰੀਬ ਲੋਕ ਵਾਲ-ਵਾਲ ਬਚ ਗਏ। ਟਿੱਪਰ ਚਾਲਕ ਸੁਖਮਿੰਦਰ ਸਿੰਘ ਨੇ ਦੱਸਿਆ ਉਹ ਥਰਮ ਪਲਾਂਟ ਤਲਵੰਡੀ ਤੋਂ ਸੀਮਿੰਟ ਵਿੱਚ ਮਿਲਾਉਣ ਵਾਲੀ ਰਾਖ ਭਰਕੇ ਸ਼ੇਰਪੁਰ-ਕਾਤਰੋਂ ਲਿਜਾ ਰਿਹਾ ਸੀ ਤੇ ਉਹ ਹੰਡਿਆਇਆ ਨੇੜੇ ਢਾਬੇ ਤੋਂ ਚੱਲਣ ਲੱਗਿਆ ਤਾਂ ਪਿੱਛੇ ਆ ਰਹੇ ਤੇਜ਼ ਰਫ਼ਤਾਰ ਕੈਂਟਰ ਨੇ ਉਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕੈਂਟਰ ਚਲਾ ਰਹੇ ਸੋਹਣੀ ਸ਼ਰਮਾ ਨਿਵਾਸੀ ਸ਼ਾਹਬਾਦ ਜ਼ਿਲ੍ਹਾ ਕੁਰੂਕਸ਼ੇਤਰ ਅਤੇ ਉਸ ਨਾਲ ਬੈਠੇ ਨੂਰ ਅਲੀ ਨਿਵਾਸੀ ਬਿਜਨੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੋਂ ਡਾਕਟਰਾਂ ਨੇ ਸੋਹਣੀ ਸ਼ਰਮਾ ਦੀ ਹਾਲਤ ਗੰਭੀਰ ਦੇਖਦੇ ਹੋਏ ਪਟਿਆਲਾ ਰੈਫ਼ਰ ਕਰ ਦਿੱਤਾ।