ਖੇਤਰੀ ਪ੍ਰਤੀਨਿਧ
ਬਰਨਾਲਾ, 22 ਫਰਵਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਬਾਜਾਖਾਨਾ ਰੋਡ ’ਤੇ ਸਥਿਤ 92.50 ਕਰੋੜ ਦੀ ਅਮਰੁਤ ਸਕੀਮ ਅਧੀਨ ਤਿਆਰ ਸੀਵਰੇਜ ਪੰਪਿੰਗ ਸਟੇਸ਼ਨ ਤੇ ਸੀਵਰੇਜ ਟਰੀਟਮੈਂਟ ਪਲਾਂਟ ਪ੍ਰਾਜੈਕਟ ਦਾ ਵਰਚੁਅਲ ਸਮਾਗਮ ਰਾਹੀਂ ਉਦਘਾਟਨ ਕਰ ਕੇ ਬਰਨਾਲਾ ਵਾਸੀਆਂ ਨੂੰ ਤੋਹਫਾ ਦਿੱਤਾ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਉਣ ਅਤੇ ਡੂੰਘੇ ਜਾ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ’ਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਨੂੰ ਸੋਧ ਕੇ ਖੇਤੀ ਤੇ ਹੋਰ ਕੰਮਾਂ ਲਈ ਵਰਤੋਂ ’ਚ ਲਿਆਉਣ ਲਈ ਕਈ ਪ੍ਰਾਜੈਕਟ ਉਲੀਕੇ ਗਏ ਸਨ। ਇਨ੍ਹਾਂ ਵਿੱਚ ਬਰਨਾਲਾ ਦਾ ਇਹ ਬਹੁ-ਕਰੋੜੀ ਪ੍ਰਾਜੈਕਟ ਵੀ ਇੱਕ ਹੈ। ਦੱਸਣਯੋਗ ਹੈ ਕਿ ਅੱਜ ਮੁੱਖ ਮੰਤਰੀ ਵੱਲੋਂ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਸਮਾਰਟ ਸਿਟੀ ਪ੍ਰਾਜੈਕਟਾਂ ਅਤੇ ਅਮਰੁਤ ਸਕੀਮ ਤਹਿਤ ਸੀਵਰੇਜ ਪ੍ਰਾਜੈਕਟਾਂ ਦੇ ਉਦਘਾਟਨ ਕੀਤੇ ਗਏ ਹਨ। ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸੀਵਰੇਜ ਤੇ ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਅਤੇ ਪਾਣੀ ਸੋਧ ਦੇ ਮੱਦੇਨਜ਼ਰ ਬਰਨਾਲਾ ਦੇ ਬਾਜਾਖਾਨਾ ਰੋਡ ਸੀਵਰੇਜ ਪ੍ਰਾਜੈਕਟ ਲਾਇਆ ਗਿਆ ਹੈ ਇਸ ਮੌਕੇ ਏਡੀਸੀ (ਜ) ਆਦਿਤਯ ਡੇਚਲਵਾਲ, ਐੱਸਡੀਐੱਮ ਵਰਜੀਤ ਵਾਲੀਆ ਵੀ ਮੌਜੂਦ ਸਨ।