ਪੱਤਰ ਪ੍ਰੇਰਕ
ਮਾਨਸਾ, 5 ਨਵੰਬਰ
ਬੱਦਲਵਾਈ ਅਤੇ ਧੂੰਏਂ ਨੇ ਪਿਛੇਤੇ ਝੋਨੇ ਨੂੰ ਮੰਡੀਆਂ ਵਿਚ ਲੈ ਕੇ ਆ ਰਹੇ ਕਿਸਾਨਾਂ ਲਈ ਵੱਡੀ ਸਿਰਦਰਦੀ ਸਹੇੜ ਧਰੀ ਹੈ। ਕਿਸਾਨਾਂ ਦੇ ਇਸ ਝੋਨੇ ਵਿਚ ਹੁਣ ਐਸੀ ਸਿੱਲ ਵੜੀ ਹੈ ਕਿ ਉਹ ਹੁਣ ਧੁੱਪ ਤੋਂ ਬਿਨਾਂ ਨਿਕਲ ਨਹੀਂ ਰਹੀ ਹੈ, ਜਦੋਂ ਕਿ ਮੰਡੀਆਂ ਵਿਚ ਸ਼ੈਲਰ ਮਾਲਕਾਂ ਦੀ ਦਖ਼ਲਅੰਦਾਜੀ ਵਧਣ ਕਾਰਨ ਝੋਨੇ ਦੀਆਂ ਢੇਰੀਆਂ ਬਿਨਾਂ ਬੋਲੀਆਂ ਤੋਂ ਮੰਡੀਆਂ ਦਾ ਸ਼ਿੰਗਾਰ ਬਣਨ ਲੱਗੀਆਂ ਹਨ। ਕਈ-ਕਈ ਦਿਨਾਂ ਤੋਂ ਮੰਡੀਆਂ ਵਿਚ ਬੈਠੇ ਕਿਸਾਨ ਅੱਕ ਕੇ ਹੁਣ ਆਪਣਾ ਝੋਨਾ ਘਰਾਂ ਨੂੰ ਵਾਪਸ ਲਿਜਾਣ ਲੱਗੇ ਹਨ ਤਾਂ ਜੋ ਹਾੜ੍ਹੀ ਦੀ ਮੁੱਖ ਫ਼ਸਲ ਝੋਨਾ ਦੀ ਬਿਜਾਈ ਸਮੇਂ-ਸਿਰ ਕਰ ਸਕਣ। ਉਧਰ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਆਉਣ ਵਾਲੇ ਚਾਰ-ਪੰਜ ਦਿਨਾਂ ਦੌਰਾਨ ਮੌਸਮ ਆਮ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਵਾਲਾ ਦੱਸਿਆ ਹੈ ਅਤੇ ਉਸ ਤੋਂ ਬਾਅਦ ਕੁਝ ਕੁ ਥਾਵਾਂ ’ਤੇ ਦਰਮਿਆਨੀ ਤੇ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਅਤੇ ਬਲਵਿੰਦਰ ਸ਼ਰਮਾ ਖਿਆਲਾ ਨੇ ਦੱਸਿਆ ਕਿ ਇਸ ਬੱਦਲਵਾਈ ਅਤੇ ਧੂੰਏਂ ਵਾਲੇ ਮੌਸਮ ਨੇ ਝੋਨੇ ਦੀ ਖਰੀਦ ਨੂੰ ਲੈ ਕੇ ਪਿੰਡਾਂ ਵਿਚ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉਧਰ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਮੌਸਮ ਨੂੰ ਦੇਖਦੇ ਝੋਨੇ ਦੀ ਸਿਲ ਮਾਤਰਾ ਵਧਾਈ ਜਾਵੇ। ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਮੰਡੀਆਂ ਵਿੱਚ ਅਧਿਕਾਰੀਆਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਭੇਜਿਆ ਜਾ ਰਿਹਾ ਹੈ।