ਪੱਤਰ ਪ੍ਰੇਰਕ
ਜ਼ੀਰਾ, 8 ਜੂਨ
ਸਿਵਲ ਹਸਪਤਾਲ ਜ਼ੀਰਾ ਦੇ ਡਾਕਟਰਾਂ ਅਤੇ ਸਮੂਹ ਸਟਾਫ ਵੱਲੋਂ ਸਾਰੀਆਂ ਸਿਹਤ ਸੇਵਾਵਾਂ ਠੱਪ ਕਰਕੇ ਹਸਪਤਾਲ ਵਿੱਚ ਧਰਨਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਹਸਪਤਾਲ ਵਿੱਚੋਂ ਮਿਤੀ 27 ਮਈ ਨੂੰ ਗੁਰਨਾਮ ਸਿੰਘ ਵਾਸੀ ਪਿੰਡ ਤਲਵੰਡੀ ਜੱਲੇ ਖਾਂ ਦਾ ਮੋਟਰਸਾਈਕਲ ਚੋਰੀ ਹੋਣ ਤੋਂ ਬਾਅਦ ਪੀੜਤ ਵਿਅਕਤੀ ਦੀ ਮੰਗ ’ਤੇ ਹਸਪਤਾਲ ਦੇ ਸਟਾਫ ਵੱਲੋਂ ਸੀਸੀਟੀਵੀ ਦੀ ਫੁਟੇਜ ਨਾ ਦਿਖਾਉਣ ’ਤੇ ਭੜਕੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਿਤੀ 7 ਜੂਨ ਨੂੰ ਸਿਵਲ ਹਸਪਤਾਲ ’ਚ ਧਰਨਾ ਦਿੱਤਾ ਗਿਆ, ਜਿਸ ’ਤੇ ਹਸਪਤਾਲ ਦੇ ਐੱਸਐੱਮਓ ਸਿਵਲ ਹਸਪਤਾਲ ਵਿੱਚੋਂ ਚਲੇ ਗਏ। ਧਰਨਾਕਾਰੀਆਂ ਵੱਲੋਂ ਛੁੱਟੀ ਮਗਰੋਂ ਹਸਪਤਾਲ ਦੇ ਸਟਾਫ ਨੂੰ ਹਸਪਤਾਲ ਤੋਂ ਬਾਹਰ ਨਾ ਨਿਕਲਣ ਦਿੱਤਾ ਗਿਆ। ਇਸੇ ਦੌਰਾਨ ਸਟਾਫ ਨੂੰ ਲੈਣ ਆਏ ਪਰਿਵਾਰਕ ਮੈਂਬਰਾਂ ਦੀ ਜਥੇਬੰਦੀ ਦੇ ਆਗੂਆਂ ਨਾਲ ਕਾਫ਼ੀ ਬਹਿਸ ਹੋ ਗਈ ਸੀ, ਪੁਲੀਸ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਬਾਅਦ ਵਿੱਚ ਧਰਨਾ ਚੁੱਕ ਲਿਆ ਸੀ, ਪਰ ਸਿਵਲ ਹਸਪਤਾਲ ਜ਼ੀਰਾ ਦੇ ਸਟਾਫ ਨੂੰ ਹਸਪਤਾਲ ਵਿੱਚ ਬੰਦੀ ਬਣਾਉਣ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਦੇ ਰੋਸ ਵਜੋਂ ਡਾਕਟਰਾਂ ਅਤੇ ਸਟਾਫ ਮੈਂਬਰਾਂ ਵੱਲੋਂ ਵੀ ਅੱਜ ਧਰਨਾ ਲਗਾ ਦਿੱਤਾ ਗਿਆ। ਡਾਕਟਰਾਂ ਤੇ ਸਿਹਤ ਵਰਕਰਾਂ ਨੇ ਦੱਸਿਆ ਕਿ ਉਹ ਉਦੋਂ ਤੱਕ ਇਸ ਧਰਨੇ ਨੂੰ ਨਹੀਂ ਚੁੱਕਣਗੇ, ਜਦੋਂ ਤੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ।