ਸੰਜੀਵ ਹਾਂਡਾ
ਫ਼ਿਰੋਜ਼ਪੁਰ, 3 ਨਵੰਬਰ
ਇਥੋਂ ਦੇ ਸਿਵਲ ਹਸਪਤਾਲ ਵਿਚ ਪਿਛਲੇ ਚਾਰ ਮਹੀਨਿਆਂ ਤੋਂ ਗੋਡਿਆਂ ਅਤੇ ਚੂਲਿਆਂ ਦੇ ਮਰੀਜ਼ ਖੱਜਲ ਖੁਆਰ ਹੋ ਰਹੇ ਹਨ। ਇਨ੍ਹਾਂ ਮਰੀਜ਼ਾਂ ਗੋਡਿਆਂ ਨੇ ਤੁਰਨ ਤੋਂ ਜਵਾਬ ਦੇ ਦਿੱਤਾ ਹੈ ਤੇ ਅਪਰੇਸ਼ਨ ਕਰਨ ਤੋਂ ਡਾਕਟਰ ਜਵਾਬ ਦੇ ਰਹੇ ਹਨ। ਜ਼ਿਆਦਾਤਰ ਮਰੀਜ਼ ਆਰਥਿਕ ਪੱਖੋਂ ਇੰਨੇ ਕਮਜ਼ੋਰ ਹਨ,ਕਿ ਨਿੱਜੀ ਹਸਪਤਾਲ ਤੋਂ ਗੋਡੇ ਜਾਂ ਚੂਲੇ ਬਦਲਵਾਉਣਾ ਉਹਨਾਂ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੈ। ਨਿੱਜੀ ਹਸਪਤਾਲਾਂ ਵਿਚੋਂ ਗੋਡੇ ਬਦਲਾਉਣ ਤੇ ਦੋ ਤੋਂ ਢਾਈ ਲੱਖ ਰੁਪਏ ਦਾ ਖਰਚ ਆਉਂਦਾ ਹੈ ਜਦਕਿ ਸਰਕਾਰੀ ਹਸਪਤਾਲ ਵਿਚ ਇਹ ਅਪਰੇਸ਼ਨ ਬਿਲਕੁਲ ਮੁਫ਼ਤ ਵਿਚ ਕੀਤਾ ਜਾਂਦਾ ਹੈ।
ਦੱਸ ਦਈਏ ਕਿ ਅਪਰੇਸ਼ਨ ਦੌਰਾਨ ਬਦਲੇ ਜਾਣ ਵਾਲੇ ਗੋਡਿਆਂ ਅਤੇ ਚੂਲਿਆਂ ਦੀ ਸਪਲਾਈ ਨਾ ਆਉਣ ਕਰਕੇ ਲੰਘੇ ਚਾਰ ਮਹੀਨਿਆਂ ਤੋਂ ਗੋਡਿਆਂ ਦਾ ਇੱਕ ਵੀ ਅਪਰੇਸ਼ਨ ਨਹੀਂ ਹੋ ਸਕਿਆ। ਦੱਸਿਆ ਜਾਂਦਾ ਹੈ ਕਿ ਅਪਰੇਸ਼ਨ ਦਾ ਆਮਾਨ ਸਪਲਾਈ ਕਰਨ ਵਾਲੀ ਕੰਪਨੀ ਵਾਸਤੇ ਸਰਕਾਰ ਵੱਲੋਂ ਭੇਜੀ ਗਈ ਕਰੀਬ ਵੀਹ ਲੱਖ ਰੁਪਏ ਦੀ ਰਕਮ ਕੰਪਨੀ ਨੂੰ ਦੇਣ ਦੀ ਬਜਾਏ ਟਾਈਲਾਂ ਸਪਲਾਈ ਕਰਨ ਵਾਲੇ ਕਿਸੇ ਠੇਕੇਦਾਰ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਕੰਪਨੀ ਨੇ ਸਾਮਾਨ ਭੇਜਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਚਾਰ ਮਹੀਨਿਆਂ ਦੌਰਾਨ ਕਰੀਬ ਸੱਤਰ ਮਰੀਜ਼ਾਂ ਦੇ ਗੋਡੇ ਨਹੀਂ ਬਦਲੇ ਜਾ ਸਕੇ।
ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਇਸ ਵੇਲੇ ਹੱਡੀਆਂ ਦੇ ਦੋ ਸਰਜਨ ਮੌਜੂਦ ਹਨ। ਡਾਕਟਰ ਨਿਖਿਲ ਗੁਪਤਾ ਅਤੇ ਡਾਕਟਰ ਤਨਿਸ਼ ਕਿੰਨਰਾ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਾਮਾਨ ਦੀ ਸਪਲਾਈ ਨਾ ਮਿਲਣ ਕਾਰਨ ਗੋਡਿਆਂ ਅਤੇ ਚੂਲਿਆਂ ਦੇ ਅਪਰੇਸ਼ਨ ਨਹੀਂ ਕੀਤੇ ਜਾ ਸਕੇ। ਆਖਰੀ ਅਪਰੇਸ਼ਨ ਜੁਲਾਈ ਦੇ ਪਹਿਲੇ ਹਫ਼ਤੇ ਕੀਤਾ ਗਿਆ ਸੀ।
ਸਿਹਤ ਵਿਭਾਗ ਵੱਲੋਂ ਦੋ ਕੰਪਨੀਆਂ ਦੇ ਨਾਲ ਸਾਮਾਨ ਸਪਲਾਈ ਕਰਨ ਦਾ ਸਮਝੌਤਾ ਕੀਤਾ ਹੋਇਆ ਹੈ। ਦੋਵਾਂ ਕੰਪਨੀਆਂ ਨੇ ਚਾਰ ਮਹੀਨੇ ਪਹਿਲਾਂ ਹੀ ਪੇਮੈਂਟ ਨਾ ਹੋਣ ਦੀ ਵਜ੍ਹਾ ਕਰਕੇ ਸਾਮਾਨ ਦੀ ਸਪਲਾਈ ਤੋਂ ਹੱਥ ਖਿੱਚ ਲਏ ਸਨ। ਕੰਪਨੀ ਦਾ ਕਹਿਣਾ ਹੈ ਕਿ ਪੂਰੇ ਪੰਜਾਬ ਵਿਚ ਹੋਰ ਕਿਧਰੇ ਵੀ ਉਨ੍ਹਾਂ ਨੇ ਸਪਲਾਈ ਬੰਦ ਨਹੀਂ ਕੀਤੀ ਪਰ ਫ਼ਿਰੋਜ਼ਪੁਰ ਵਿਚੋਂ ਅਜੇ ਤੱਕ ਉਨ੍ਹਾਂ ਨੂੰ ਪੇਮੈਂਟ ਦੀ ਅਦਾਇਗੀ ਨਹੀਂ ਹੋਈ।
ਫ਼ੀਮੇਲ ਸਰਜੀਕਲ ਵਾਰਡ ਵਿਚ ਦਾਖ਼ਲ ਮਹਿਲਾ ਮਰੀਜ਼ ਬੇਬੀ ਕੌਰ ਦਾ ਚੂਲਾ ਟੁੱਟੇ ਨੂੰ ਕਈ ਦਿਨ ਬੀਤ ਗਏ ਹਨ। ਪਿਛਲੀ 9 ਤਾਰੀਖ਼ ਤੋਂ ਉਹ ਇਸ ਹਸਪਤਾਲ ਵਿਚ ਜ਼ੇਰੇ ਇਲਾਜ ਹੈ,ਪਰ ਅਜੇ ਤੱਕ ਉਸ ਦਾ ਅਪਰੇਸ਼ਨ ਨਹੀਂ ਕੀਤਾ ਗਿਆ। ਬੇਬੀ ਕੌਰ ਅਤੇ ਉਸ ਦੇ ਰਿਸ਼ਤੇਦਾਰ ਬੇਹੱਦ ਪ੍ਰੇਸ਼ਾਨ ਹਨ। ਉਸ ਦੇ ਨਾਲ ਬੀਬੀ ਫ਼ਾਮਾ ਵੀ ਅੱਠ ਦਿਨਾਂ ਤੋਂ ਇਥੇ ਦਾਖ਼ਲ ਹੈ। ਉਸ ਦਾ ਵੀ ਚੂਲੇ ਦਾ ਅਪਰੇਸ਼ਨ ਹੋਣਾ ਹੈ। ਬੀਬੀ ਫ਼ਾਮਾ ਨੇ ਦੱਸਿਆ ਕਿ ਸੱਤ ਮਹੀਨੇ ਪਹਿਲਾਂ ਉਸ ਦਾ ਚੂਲਾ ਟੁੱਟ ਗਿਆ ਸੀ, ਉਹ ਚਾਰ ਵਾਰ ਹਸਪਤਾਲ ਵਿਚ ਦਾਖ਼ਲ ਹੋ ਚੁੱਕੀ ਹੈ, ਪਰ ਅਜੇ ਤੱਕ ਉਸ ਦਾ ਅਪਰੇਸ਼ਨ ਨਹੀਂ ਕੀਤਾ ਗਿਆ। ਡਾਕਟਰ ਅਜੇ ਤੱਕ ਉਸ ਨੂੰ ਲਾਰੇ ਲਾ ਰਹੇ ਹਨ।
ਕੀ ਕਹਿੰਦੇ ਨੇ ਐੱਸਐੱਮਓ
ਹਸਪਤਾਲ ਦੇ ਐਸਐਮਓ ਡਾਕਟਰ ਗੁਰਮੇਜ ਰਾਮ ਗੋਰਾਇਆ ਦਾ ਕਹਿਣਾ ਹੈ ਕਿ ਕੰਪਨੀਆਂ ਨੂੰ ਕੁਝ ਪੇਮੈਂਟ ਦੀ ਅਦਾਇਗੀ ਕਰ ਦਿੱਤੀ ਗਈ ਹੈ, ਪਰ ਸਾਮਾਨ ਕਦੋਂ ਤੱਕ ਆਏਗਾ ਇਸ ਬਾਰੇ ਕੁਝ ਸਪਸ਼ਟ ਨਹੀਂ ਦੱਸਿਆ ਜਾ ਸਕਦਾ।