ਜੋਗਿੰਦਰ ਸਿੰਘ ਮਾਨ
ਮਾਨਸਾ, 3 ਮਈ
ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧਣ ਨਾਲ ਮਾਨਸਾ ਦਾ ਸਰਕਾਰੀ ਹਸਪਤਾਲ ਵੀ ਨੱਕੋ ਨੱਕ ਭਰ ਗਿਆ ਹੈ। ਕਿਸੇ ਪਾਸੇ ਮਰੀਜ਼ਾਂ ਨੂੰ ਦਾਖਲ ਕਰਨ ਵਾਸਤੇ ਜਗ੍ਹਾ ਨਹੀਂ ਬਚੀ ਹੈ। ਵਾਰਡਾਂ ਤੋਂ ਇਲਾਵਾ ਐਮਰਜੈਂਸੀ ਵਾਰਡ ਦੇ ਨਾਲ ਨਾਲ ਹਸਪਤਾਲ ਦੇ ਬਰਾਮਦੇ ਵਿੱਚ ਵੀ ਬੈੱਡ ਲਗਾਕੇ ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਹੈ। ਇਸ ਦੇ ਇਲਾਵਾ ਸਿਵਲ ਹਸਪਤਾਲ ਮਾਨਸਾ ਤੇ ਬਰੇਟਾ ਦੇ ਕਈ ਸਿਹਤ ਕਰਮਚਾਰੀ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਕਰੋਨਾ ਦੀ ਲਪੇਟ ਵਿੱਚ ਆ ਚੁੱਕਿਆ ਹੈ।
ਸਿਹਤ ਵਿਭਾਗ ਨੇ ਸੋਮਵਾਰ ਨੂੰ ਮਾਨਸਾ ਵਿੱਚ 2 ਕਰੋਨਾ ਮਰੀਜ਼ਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ, ਜਿਸ ਤੋਂ ਬਾਅਦ ਜ਼ਿਲ੍ਹੇ ’ਚ ਹੁਣ ਤੱਕ 80 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 2381 ਹੋ ਗਈ ਹੈ। ਹੁਣ ਤਕ 158123 ਵਿਅਕਤੀਆਂ ਦੇ ਟੈਸਟ ਕੀਤੇ ਗਏ ਹਨ। 4772 ਵਿਅਕਤੀ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ 191 ਵਿਅਕਤੀਆਂ ਨੂੰ ਛੁੱਟੀ ਦੇਣ ਤੋਂ ਬਾਅਦ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 2381 ਰਹਿ ਗਈ ਹੈ। ਨਵੇਂ ਆਏ 296 ਕੇਸਾਂ ਵਿੱਚ ਮਾਨਸਾ ਵਿੱਚ 95, ਬੁਢਲਾਡਾ ’ਚ 83, ਖਿਆਲਾ ਕਲਾਂ ਚ 47 ਅਤੇ ਸਰਦੂਲਗੜ੍ਹ ਵਿੱਚ 71 ਮਰੀਜ਼ ਪਾਏ ਗਏ ਹਨ। ਮਾਨਸਾ ਦੇ ਇੱਕ 60 ਸਾਲਾ ਬਜ਼ੁਰਗ ਦੀ ਫਰੀਦਕੋਟ ਵਿੱਚ ਮੌਤ ਹੋ ਚੁੱਕੀ ਹੈ। ਸਰਦੂਲਗੜ੍ਹ ਦੇ 37 ਸਾਲਾ ਨੌਜਵਾਨ ਦੀ ਬਠਿੰਡਾ ਦੇ ਹਸਪਤਾਲ ਵਿੱਚ ਮੌਤ ਹੋਈ ਹੈ।
ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਮਾਨਸਾ ਵਿੱਚ 80 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁੱਝ ਮੌਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਅੰਦਰ ਕਰੋਨਾ ਮਰੀਜ਼ਾਂ ਲਈ ਕਿੱਟਾਂ, ਆਕਸੀਮੀਟਰ ਅਤੇ ਹੋਰ ਪ੍ਰਬੰਧਾਂ ’ਚ ਵੀ ਤੇਜ਼ੀ ਲਿਆਂਦੀ ਗਈ ਹੈ। ਸੂਤਰਾਂ ਅਨੁਸਾਰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਇਸ ਵੇਲੇ 50 ਦੇ ਕਰੀਬ ਮਰੀਜ਼ ਦਾਖਲ ਹਨ, ਜਿਨ੍ਹਾਂ ਵਿਚੋਂ ਅੱਧਿਆਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਦੂਜੇ ਪਾਸੇ ਮਰੀਜ਼ਾਂ ਦੇ ਵਾਰਸਾਂ ਦਾ ਕਹਿਣਾ ਹੈ ਕਿ ਹਸਪਤਾਲ ਅੰਦਰ ਮਰੀਜ਼ਾਂ ਨੂੰ ਉਹ ਸਹੂਲਤ ਨਹੀਂ ਮਿਲ ਰਹੀ, ਜੋ ਮਿਲਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲਾਂ ਦੇ ਪ੍ਰਬੰਧ ਨਾਕਾਫੀ ਹਨ।