ਰਵਿੰਦਰ ਰਵੀ
ਬਰਨਾਲਾ, 1 ਜੂਨ
ਸ਼ਹਿਰ ’ਚ ਧੜਾਧੜ ਬਣ ਰਹੀਆਂ ਕਲੋਨੀਆਂ ਅਤੇ ਕਲੋਨੀਆਂ ’ਚ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੇ ਜਾ ਰਹੇ ਵਾਧੇ ਖ਼ਿਲਾਫ਼ ਕਾਲੋਨੀਆਂ ’ਚ ਰਹਿਣ ਵਾਲੇ ਨਿਵਾਸੀਆਂ ਨੇ ਕਲੋਨੀ ਮਾਲਕਾਂ ਖ਼ਿਲਾਫ਼ ਝੰਡਾ ਚੁੱਕ ਲਿਆ ਹੈ। ਧਨੌਲਾ ਰੋਡ ਵਿਖੇ ਬਣੀ ਹਾਰਮਨੀ ਹੋਮਜ਼ ਕਲੋਨੀ ਦੇ ਮਾਲਕਾਂ ਵੱਲੋਂ ਸਾਰੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਗੈਰ ਕਾਨੂੰਨੀ ਢੰਗ ਨਾਲ ਪਲਾਟਾਂ ਦਾ ਵਾਧਾ ਕੀਤਾ ਗਿਆ ਹੈ। ਇਸ ਗੈਰਕਾਨੂੰਨੀ ਢੰਗ ਨਾਲ ਕੀਤੇ ਵਾਧੇ ਖ਼ਿਲਾਫ਼ ਨਗਰ ਕੌਂਸਲ ਵੱਲੋਂ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ਸ਼ਹਿਰ ਦੇ ਕਈ ਹੋਰ ਕਲੋਨੀ ਮਾਲਕਾਂ ਨੇ ਵੀ ਨਗਰ ਕੌਂਸਲ ਅਤੇ ਪ੍ਰਸ਼ਾਸ਼ਨ ਨੂੰ ਹਨੇਰੇ ’ਚ ਰੱਖਦਿਆਂ ਕਰੋਨਾ ਮਹਾਮਾਰੀ ਦੌਰਾਨ ਆਪਣੀਆਂ ਕਲੋਨੀਆਂ ’ਚ ਬੇਹਤਾਸਾ ਵਾਧਾ ਕੀਤਾ ਹੈ। ਇਨਾਂ ਕਲੋਨੀ ਮਾਲਕਾਂ ਵੱਲੋਂ ਸਿਵਲ ’ਤੇ ਪੁਲੀਸ ਪ੍ਰਸ਼ਾਸਨ ਨੂੰ ਕਰੋਨਾ ਮਹਾਮਾਰੀ ’ਚ ਸਹਾਇਤਾ ਦੇ ਨਾਮ ’ਤੇ ਲੱਖਾਂ ਰੁਪਏ ਦਾ ਚੰਦਾ ਦੇਣ ਦੀ ਚਰਚਾ ਵੀ ਸ਼ਹਿਰ ਛਿੜੀ ਹੋਈ ਹੈ। ਕਲੋਨੀ ਵਾਸੀਆਂ ਵੱਲੋਂ ਪਿਛਲੇ ਦਿਨੀਂ ਗੈਰਕਾਨੂੰਨੀ ਢੰਗ ਨਾਲ ਪਲਾਟਾਂ ’ਚ ਕੀਤੇ ਗਏ ਵਾਧੇ ਖ਼ਿਲਾਫ਼ ਕਾਲੋਨੀ ਮਾਲਕਾਂ ਖ਼ਿਲਾਫ਼ ਧਰਨਾ ਲਾ ਕੇ ਪਿੱਟ ਸਿਆਪਾ ਕੀਤਾ ਗਿਆ ਸੀ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਕਲੋਨੀ ਮਾਲਕਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ਇਸ ਸਬੰਧੀ ਐਸਡੀਐਮ ਵਰਜਿਤ ਵਾਲੀਆ ਨੇ ਕਿਹਾ ਕਿ ਸਰਕਾਰੀ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਕਿਸੇ ਵੀ ਕਲੋਨਾਈਜ਼ਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।