ਜਸਵੰਤ ਜੱਸ
ਫ਼ਰੀਦਕੋਟ, 21 ਅਪਰੈਲ
ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਜਾਰੀ ਕੀਤੇ ਤਾਜ਼ਾ ਹੁਕਮਾਂ ਨੂੰ ਦਰਕਿਨਾਰ ਕਰਦਿਆਂ ਸਰਕਾਰੀ ਅਦਾਰਿਆਂ ਨੇ ਆਪਣੇ ਦਫ਼ਤਰਾਂ ਦੇ ਆਸ-ਪਾਸ ਪਏ ਕੂੜੇ ਅਤੇ ਰਹਿੰਦ ਖੂੰਹਦ ਨੂੰ ਦੇਰ ਸ਼ਾਮ ਸ਼ਰ੍ਹੇਆਮ ਅੱਗ ਲਗਾ ਦਿੱਤੀ। ਡਿਪਟੀ ਕਮਿਸ਼ਨਰ ਨੇ 20 ਅਪਰੈਲ ਨੂੰ ਇਹ ਹੁਕਮ ਜਾਰੀ ਕੀਤੇ ਸਨ ਕਿ ਕਿਸੇ ਵੀ ਸਰਕਾਰੀ ਦਫ਼ਤਰ ਜਾਂ ਜਨਤਕ ਥਾਂ ’ਤੇ ਪਈ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਈ ਜਾਵੇਗੀ ਕਿਉਂਕਿ ਇਸ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਦਰੱਖਤ ਵੀ ਅੱਗ ਦੀ ਲਪੇਟ ਵਿੱਚ ਆ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਅੱਗ ਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ, ਇਸ ਦੇ ਬਾਵਜੂਦ ਫਰੀਦਕੋਟ-ਕੋਟਕਪੂਰਾ ਰੋਡ ’ਤੇ ਸਥਿਤ ਸਿਵਲ ਹਸਪਤਾਲ ਦੇ ਬਾਹਰ ਪਏ ਕੂੜੇ ਦੇ ਢੇਰ ਨੂੰ ਅੱਗ ਲਾਈ ਗਈ ਹੈ। ਅੱਗ ਲੱਗਣ ਤੋਂ ਪਹਿਲਾਂ ਇਸ ਕੂੜੇ ਦੇ ਢੇਰ ਉੱਪਰ ਅਵਾਰਾ ਪਸ਼ੂ ਘੁੰਮ ਰਹੇ ਸਨ ਅਤੇ ਸੜਕ ਉੱਪਰ ਕੂੜੇ ਦਾ ਢੇਰ ਲੱਗਾ ਹੋਣ ਕਾਰਨ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਸੀ। ਇਹ ਕੂੜਾ ਚੁੱਕਣਾ ਨਗਰ ਕੌਂਸਲ ਕੋਟਕਪੂਰਾ ਦੀ ਜ਼ਿੰਮੇਵਾਰੀ ਸੀ ਪਰ ਨਗਰ ਕੌਂਸਲ ਨੇ ਕੂੜੇ ਨੂੰ ਚੁੱਕ ਕੇ ਡੰਪ ਵਿੱਚ ਲਿਜਾਣ ਦੀ ਥਾਂ ਸੜਕ ਉੱਪਰ ਹੀ ਅੱਗ ਲਗਾ ਦਿੱਤੀ। ਇੱਥੋਂ ਸਿਵਲ ਹਸਪਤਾਲ ਮਹਿਜ਼ 30 ਗਜ਼ ਦੀ ਦੂਰੀ ’ਤੇ ਹੈ, ਜਿੱਥੇ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ ਦਾਖਲ ਹਨ। ਡਿਪਟੀ ਕਮਿਸ਼ਨਰ ਨੇ ਜਨਤਕ ਥਾਵਾਂ ’ਤੇ ਅੱਗ ਲਾਉਣ ਤੋਂ ਰੋਕਣ ਦੇ ਹੁਕਮ ਜਾਰੀ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਨ੍ਹਾਂ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।
ਦੂਜੇ ਪਾਸੇ ਸ਼ਹਿਰ ਦੇ ਵਸਨੀਕ ਹੈਪੀ ਬਰਾੜ, ਸ਼ਿਵੰਦਰਪਾਲ ਸਿੰਘ ਸੰਧੂ, ਕੁਲਦੀਪ ਸਿੰਘ, ਬਰਜਿੰਦਰ ਸਿੰਘ ਆਦਿ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਹੁਕਮ ਅਮਲੀ ਰੂਪ ਵਿੱਚ ਕਦੇ ਵੀ ਲਾਗੂ ਨਹੀਂ ਹੋਏ ਅਤੇ ਨਾ ਹੀ ਡਿਪਟੀ ਕਮਿਸ਼ਨਰ ਦਫ਼ਤਰ ਨੇ ਜਾਰੀ ਕੀਤੇ ਹੁਕਮਾਂ ਨੂੰ ਲਾਗੂ ਕਰਨ ਵਿੱਚ ਕਦੇ ਕੋਈ ਦਿਲਚਸਪੀ ਦਿਖਾਈ ਹੈ। ਇਸੇ ਕਰਕੇ ਜਨਤਕ ਥਾਵਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਇਨ੍ਹਾਂ ਨੂੰ ਗੈਰਕਾਨੂੰਨੀ ਤਰੀਕੇ ਅੱਗ ਲਗਾ ਕੇ ਰੁੱਖਾਂ ਅਤੇ ਵਾਤਾਵਰਣ ਦਾ ਘਾਣ ਕੀਤਾ ਜਾ ਰਿਹਾ ਹੈ।