ਜੋਗਿੰਦਰ ਸਿੰਘ ਮਾਨ
ਮਾਨਸਾ, 17 ਫਰਵਰੀ
ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਿਤੇ ਖੁਸ਼ੀ-ਕਿਤੇ ਗ਼ਮ ਦਾ ਮਾਹੌਲ ਹੈ। ਜੇਤੂ ਉਮੀਦਵਾਰਾਂ ਦੇ ਦਫ਼ਤਰਾਂ, ਘਰਾਂ ਵਿੱਚ ਵਿਆਹ ਵਰਗੀਆਂ ਰੌਣਕਾਂ ਸਨ। ਢੋਲ ਦੇ ਡੱਗੇ ’ਤੇ ਭੰਗੜੇ ਪੈ ਰਹੇ ਸਨ ਅਤੇ ਰੰਗਾਂ ਦੀ ਹੋਲੀ ਖੇਡੀ ਜਾ ਰਹੀ ਸੀ, ਪਰ ਹਾਰੇ ਹੋਏ ਉਮੀਦਵਾਰਾਂ ਦੇ ਘਰਾਂ ਵਿੱਚ ਡੂੰਘੀ ਉਦਾਸੀ ਛਾਈ ਹੋਈ ਸੀ। ਵੇਰਵਿਆਂ ਮੁਤਾਬਕ ਕਾਂਗਰਸ ਵੱਲੋਂ 27 ਉਮੀਦਵਾਰ ਪਾਰਟੀ ਚੋਣ ਨਿਸ਼ਾਨ ’ਤੇ ਖੜ੍ਹੇ ਕੀਤੇ ਗਏ ਸਨ, ਸ਼੍ਰੋਮਣੀ ਅਕਾਲੀ ਦਲ ਵੱਲੋਂ 13, ਭਾਜਪਾ ਵੱਲੋਂ 14, ਆਪ ਦੇ 21, ਬਸਪਾ 1, ਜਦਕਿ ਆਜ਼ਾਦ ਉਮੀਦਵਾਰ 42 ਚੋਣ ਮੈਦਾਨ ਵਿੱਚ ਕੁੱਦੇ ਹੋਏ ਸਨ। ਇਨ੍ਹਾਂ ਵਿੱਚੋਂ ਕਾਂਗਰਸ ਦੇ 14, ਸ਼੍ਰੋਮਣੀ ਅਕਾਲੀ ਦਲ (ਬ) ਦੇ 2, ਆਮ ਆਦਮੀ ਪਾਰਟੀ 3 ਅਤੇ ਆਜ਼ਾਦ ਤੌਰ ’ਤੇ ਚੋਣ ਲੜਨ ਵਾਲੇ 8 ਉਮੀਦਵਾਰ ਚੋਣ ਜਿੱਤ ਗਏ ਹਨ, ਜਦੋਂ ਕਿ ਭਾਜਪਾ ਦਾ ਮਾਨਸਾ ਵਿੱਚ ਖਾਤਾ ਵੀ ਨਹੀਂ ਖੁੱਲ੍ਹ ਸਕਿਆ ਹੈ।
ਉੱਧਰ ਭਾਜਪਾ ਦੇ ਖੇਮੇ ਵਿੱਚ ਬੇਹੱਦ ਨਿਰਾਸ਼ਾ ਭਰਿਆ ਮਾਹੌਲ ਸੀ। ਭਾਜਪਾ ਦੇ 14 ਉਮੀਦਵਾਰਾਂ ਵਿੱਚੋਂ ਕੋਈ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ ਹੈ।