ਜੋਗਿੰਦਰ ਸਿੰਘ ਮਾਨ
ਮਾਨਸਾ, 13 ਸਤੰਬਰ
ਮਾਲਵਾ ਵਿੱਚ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋਣ ਵਾਲੀ ਹੈ। ਇਸੇ ਦੌਰਾਨ ਅਚਾਨਕ ਹੀ ਚੀਨੀ ਵਾਇਰਸ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਿਸਾਨ ਘਬਰਾ ਗਏ ਹਨ। ਡਰੇ ਹੋਏ ਕਿਸਾਨ ਤਰ੍ਹਾਂ-ਤਰ੍ਹਾਂ ਦੀਆਂ ਸਪਰੇਆਂ ਦਾ ਛਿੜਕਾਅ ਕਰਨ ਲੱਗ ਪਏ ਹਨ। ਖੇਤੀਬਾੜੀ ਮਹਿਕਮੇ ਨੇ ਮੰਨਿਆ ਹੈ ਕਿ ਇਸ ਵਾਇਰਸ ਨੇ ਝੋਨੇ ਦੀ ਫ਼ਸਲ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਝਾੜ ਘਟਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਇਸ ਵਾਇਰਸ ਦਾ ਹਮਲਾ ਪਹਿਲਾਂ ਦੁਆਬੇ ਅਤੇ ਮਾਝੇ ਦੇ ਜ਼ਿਲ੍ਹਿਆਂ ਵਿੱਚ ਵੀ ਹੋਇਆ ਸੀ ਅਤੇ ਹੁਣ ਇਹ ਵਾਇਰਸ ਮਾਲਵਾ ਖੇਤਰ ਵਿੱਚ ਵੀ ਦਾਖਲ ਹੋਣ ਲੱਗ ਪਿਆ ਹੈ। ਖੇਤੀ ਮਾਹਿਰਾਂ ਨੇ ਇਸ ਨੂੰ ਸਦਰਨ ਰਾਈਸ ਬਲੈਕ ਸਟ੍ਰੀਕਡ ਡਵਾਰਫ (ਚਾਈਨਾ ਵਾਇਰਸ) ਦੱਸਿਆ ਹੈ।
ਖੇਤੀਬਾੜੀ ਮਹਿਕਮੇ ਦੇ ਮਾਨਸਾ ਸਥਿਤ ਖੇਤੀਬਾੜੀ ਅਫ਼ਸਰ ਡਾ. ਮਨੋਜ ਕੁਮਾਰ ਨੇ ਮੰਨਿਆ ਕਿ ਇਸ ਵਾਇਰਸ ਨਾਲ ਝੋਨੇ ਦਾ ਕੱਦ ਛੋਟਾ ਰਹਿ ਗਿਆ ਹੈ ਜਿਸ ਲਈ ਕਿਸਾਨ ਸਪਰੇਆਂ ਦਾ ਸਹਾਰਾ ਲੈਣ ਲੱਗੇ ਹਨ। ਉਨ੍ਹਾਂ ਕਿਹਾ ਕਿ ਇਸ ਵਾਇਰਸ ਨਾਲ ਫਿਲਹਾਲ ਇਕ ਖੇਤ ਵਿੱਚ ਇੱਕ-ਅੱਧਾ ਪੌਦਾ ਹੀ ਪ੍ਰਭਾਵਿਤ ਹੋਇਆ ਹੈ।
ਇਸ ਤੋਂ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਦੇ ਧਿਆਨ ਵਿੱਚ ਜਦੋਂ ਇਹ ਵਾਇਰਸ ਆਇਆ ਸੀ ਤਾਂ ਉਸ ਵੇਲੇ ਪੀਏਯੂ ਦੇ ਡਾਇਰੈਕਟਰ ਡਾ. ਅਜਮੇਰ ਸਿੰਘ ਅਤੇ ਐੱਚਏਯੂ ਹਿਸਾਰ ਦੇ ਡਾਇਰੈਕਟਰ ਡਾ. ਜੀਤ ਰਾਮ ਸ਼ਰਮਾ ਦੀ ਅਗਵਾਈ ਹੇਠ 8 ਮੈਂਬਰੀ ਕਮੇਟੀ ਸਰਵੇ ਲਈ ਬਣੀ ਸੀ, ਜਿੰਨ੍ਹਾਂ ਦਾ ਸਰਵੇ ਗੰਭੀਰਤਾ ਨਾਲ ਚੱਲ ਰਿਹਾ ਹੈ। ਖੇਤੀ ਮਾਹਿਰਾਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਯੂਨੀਵਰਸਿਟੀ ਦੇ ਪ੍ਰਮਾਣਿਤ ਬੀਜ ਪੀਆਰ-131 ਉੱਤੇ ਵਾਇਰਸ ਜ਼ਿਆਦਾ ਪਾਇਆ ਗਿਆ ਹੈ ਜਦੋਂ ਕਿ ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਇਸ ਵਾਰ ਪੀਆਰ-126 ਦਾ ਕੱਦ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਬੌਣਾ ਹੈ। ਖੇਤੀ ਵਿਭਾਗ ਦੀ ਇੱਕ ਰਿਪੋਰਟ ਅਨੁਸਾਰ ਹੁਣ ਤੱਕ ਲਗਭਗ 35 ਹਜ਼ਾਰ ਹੈਕਟੇਅਰ ਰਕਬਾ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਇਆ ਹੈ।
ਨਰਮੇ ਦੇ ਨਾਲ ਝੋਨੇ ਦਾ ਵੀ ਜਾਅਲੀ ਬੀਜ ਵਿਕਿਆ: ਭੈਣੀਬਾਘਾ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਝੋਨੇ ’ਤੇ ਵਾਇਰਸ ਆਉਣ ਕਾਰਨ ਕੱਦ ਛੋਟਾ ਹੋਣ ਕਰਕੇ ਝਾੜ ’ਤੇ ਮਾੜਾ ਅਸਰ ਪੈਣ ਦਾ ਡਰ ਬਣ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਰਮੇ ਦੇ ਨਾਲ-ਨਾਲ ਝੋਨੇ ਦਾ ਜਾਅਲੀ ਬੀਜ ਵਿਕਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਦੀ ਫ਼ਸਲ ਬਰਬਾਦ ਹੋ ਜਾਂਦੀ ਹੈ ਤਾਂ ਉਸ ਮਗਰੋਂ ਖੇਤੀ ਯੂਨੀਵਰਸਿਟੀ ਦੇ ਮਾਹਿਰ ਨਵੀਂਆਂ ਤੋਂ ਨਵੀਂਆਂ ਬਿਮਾਰੀਆਂ ਤੋਂ ਜਾਣੂ ਕਰਵਾਉਂਦੇ ਹਨ ਜਿਸ ਨਾਲ ਕਿਸਾਨ ਦਾ ਧਨ ਹੋਰ ਬਰਬਾਦ ਹੁੰਦਾ ਹੈ।