ਜਸਵੰਤ ਜੱਸ
ਫ਼ਰੀਦਕੋਟ, 9 ਅਗਸਤ
ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਦੀ ਮਾਸਿਕ ਇਕੱਤਰਤਾ ਲੈਕਚਰਾਰ ਪਾਲ ਸਿੰਘ ਪਾਲ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰਜ਼ ਭਵਨ ਵਿੱਚ ਹੋਈ। ਸਭਾ ਨੇ ਕੁਝ ਸ਼ੋਕ ਮਤੇ ਪਾਸ ਕਰ ਕੇ ਸਾਹਿਤਕ ਖੇਤਰ ਦੇ ਲੇਖਕ ਅਤੇ ਸਭਾ ਨਾਲ ਨੇੜਤਾ ਰੱਖਣ ਵਾਲੇ ਵਿਅਕਤੀ ਪ੍ਰੀਤਮ ਸਿੰਘ ਚਾਹਲ ਕੋਟਕਪੂਰਾ, ਪ੍ਰਿੰਸੀਪਲ ਗੁਲਵੰਤ ਮਲੌਦਵੀ, ਜਗਜੀਤ ਸਿੰਘ ਪਿਆਸਾ ਕੋਟਕਪੂਰਾ, ਬੀਬੀ ਹਜ਼ੂਰ ਕੌਰ ਮੁਮਾਰਾ, ਰਣਜੀਤ ਸਿੰਘ ਗਿੱਲ ਘੱਲ ਕਲਾਂ, ਓਮ ਪ੍ਰਕਾਸ਼ ਗਰਗ ਅਤੇ ਸਰੂਪ ਸਿੰਘ ਅਲੱਗ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਇਜ਼ਹਾਰ ਕੀਤਾ। ਸਭਾ ਦੇ ਪ੍ਰਧਾਨ ਪ੍ਰੋ. ਪਾਲ ਸਿੰਘ ਪਾਲ ਨੇ ਦੱਸਿਆ ਕਿ ਇਕੱਤਰਤਾ ਵਿੱਚ ਸਭਾ ਨੇ ਪ੍ਰਿੰਸੀਪਲ ਨਵਰਾਹੀ ਘੁਗਿਆਣਵੀਂ ਦੀ ਬਾਲ ਕਾਵਿ-ਸੰਗ੍ਰਹਿ ਪੁਸਤਕ ‘ਪੰਛੀ ਮਾਰ ਉਡਾਰੀ’ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ’ਤੇ ਸਾਹਿਤਕਾਰਾਂ ਨੇ ਪੇਪਰ ਪੜ੍ਹਿਆ ਅਤੇ ਉਸਾਰੂ ਚਰਚਾ ਕੀਤੀ ਗਈ ਅਤੇ ਪੁਸਤਕ ਦੇ ਸਿਰਲੇਖ ‘ਪੰਛੀ ਮਾਰ ਉਡਾਰੀ’ ਦੀ ਕਵਿਤਾ ਇਕਬਾਲ ਘਾਰੂ ਨੇ ਤਰੰਨੁਮ ਵਿੱਚ ਪੇਸ਼ ਕੀਤੀ। ਇੱਕ ਹੋਰ ਮਤੇ ਰਾਹੀਂ ਹਿੰਦੀ ਦੀ ਪ੍ਰਸਿੱਧ ਲੇਖਿਕਾ ਗੀਤਾਂਜਲੀ ਸ੍ਰੀ ਦੇ ਨਾਵਲ ‘ਰੇਤ ਸਮਾਧੀ’ ਦੇ ਅੰਗਰੇਜ਼ੀ ਅਨੁਵਾਦ ਛਪਣ ਤੋਂ ਬਾਅਦ ਬੁੱਕਰ ਸਨਮਾਨ ਨਾਲ ਨਿਵਾਜਿਆ ਗਿਆ ਅਤੇ ਹਿੰਦੀ ਸਾਹਿਤ ਦੇ ਪਹਿਲੇ ਨਾਵਲ ਉਪਰ ਹਿੰਦੂ ਭਾਵਨਾਵਾਂ ਨੂੰ ਭੜਕਾਉਣ ਦਾ ਦੋਸ਼ ਮੜ੍ਹ ਕੇ ਕੇਸ ਦਰਜ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਇਸ ਮੌਕੇ ਪ੍ਰੋ. ਤਰਸੇਮ ਨਰੂਲਾ, ਪ੍ਰਿੰ. ਕ੍ਰਿਸ਼ਨ ਲਾਲ, ਇੰਜ: ਦਰਸ਼ਨ ਸਿੰਘ ਰੋਮਾਣਾ, ਕਾਮਰੇਡ ਪ੍ਰੇਮ ਕੁਮਾਰ, ਲਾਲ ਸਿੰਘ ਕਲਸੀ ਨੇ ਰਚਨਾਵਾਂ ਪੇਸ਼ ਕੀਤੀਆਂ।
ਕਿਤਾਬ ‘ਬਦਲਤੀ ਹੂਈ ਆਵਾਜ਼’ ਰਿਲੀਜ਼
ਫਤਹਿਗੜ੍ਹ ਪੰਜਤੂਰ: ਪੰਜਾਬੀ ਦੇ ਉੱਘੇ ਲੇਖਕ ਸੱਤਪਾਲ ਖੁੱਲਰ ਦੀਆਂ ਮਿਨੀ ਕਹਾਣੀਆਂ ਦਾ ਹਿੰਦੀ ਅਨੁਵਾਦ ਪੁਸਤਕ ‘ਬਦਲਤੀ ਹੂਈ ਆਵਾਜ਼” ਬੀਤੇ ਦਿਨ ਅਰਪਣ ਕੀਤੀ ਗਈ। ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਦੀ ਮਾਸਿਕ ਮੀਟਿੰਗ ਵਿੱਚ ਉਕਤ ਪੁਸਤਕ ਲੇਖਕ ਜੀਵਨ ਸਿੰਘ ਹਾਣੀ ਦੀ ਪ੍ਰਧਾਨਗੀ ਹੇਠ ਲੋਕ ਅਰਪਿਤ ਹੋਈ। ਇਸ ਮੌਕੇ ਜ਼ੀਰਾ, ਧਰਮਕੋਟ, ਪੀਰਮੁਹੰਮਦ, ਹਰੀ ਕੇ ਤੇ ਹੋਰ ਨੇੜੇ ਦੀਆਂ ਸਭਾਵਾਂ ਦੇ ਮੈਂਬਰ, ਪਾਠਕ ਅਤੇ ਪੰਜਾਬੀ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਉੱਘੇ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਮੂਲ ਪੰਜਾਬੀ ਲੇਖਕ ਸੱਤਪਾਲ ਖੁੱਲਰ ਦੀਆਂ ਮਿੰਨੀ ਕਹਾਣੀਆਂ ਨੂੰ ਵਿਵੇਕ ਵੱਲੋਂ ਹਿੰਦੀ ਵਿੱਚ ਅਨੁਵਾਦ ਕਰ ਕੇ ਇਸ ਨੂੰ ਪੁਸਤਕ ਦਾ ਰੂਪ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ